Mistakes on mobile can send to jail: ਅੱਜ-ਕੱਲ੍ਹ ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ। ਲੋਕ ਮੋਬਾਈਲ ਦੀ ਵਰਤੋਂ ਕਈ ਹੋਰ ਉਦੇਸ਼ਾਂ ਜਿਵੇਂ ਆਨਲਾਈਨ ਕਲਾਸਾਂ, ਬੈਂਕਿੰਗ ਕੰਮ, ਸੋਸ਼ਲ ਮੀਡੀਆ, ਈਮੇਲ, ਕਾਲਿੰਗ ਆਦਿ ਲਈ ਕਰਦੇ ਹਨ ਪਰ ਬਹੁਤ ਸਾਰੇ ਲੋਕ ਮੋਬਾਈਲ ਦੀ ਵਰਤੋਂ ਗਲਤ ਕੰਮਾਂ ਲਈ ਵੀ ਕਰਦੇ ਹਨ।
ਦਰਅਸਲ ਜੇਕਰ ਤੁਸੀਂ ਮੋਬਾਈਲ ਯੂਜ਼ਰ ਹੋ ਤਾਂ ਤੁਹਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। ਜੇਕਰ ਤੁਸੀਂ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਨੂੰ ਹਰ ਮੋਬਾਈਲ ਯੂਜ਼ਰ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।
1. ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਗੈਂਗਸਟਰਾਂ, ਗੈਰ ਸਮਾਜੀ ਤੱਤਾਂ ਜਾਂ ਅਪਰਾਧੀਆਂ ਨੂੰ ਫਾਲੋ ਕਰਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਹਾਲ ਹੀ ਵਿੱਚ ਪੁਲਿਸ ਨੇ ਗੈਂਗਸਟਰਾਂ ਨੂੰ ਫਾਲੋ ਕਰਨ ਵਾਲੇ ਕੁਝ ਲੋਕਾਂ ਖਿਲਾਫ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
2. ਮੋਬਾਈਲ ਫੋਨ ਦੇ ਕਈ ਕੰਮ ਹੁੰਦੇ ਹਨ, ਪਰ ਜੇਕਰ ਤੁਸੀਂ ਅੱਤਵਾਦੀ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਲਈ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਅਜਿਹੀ ਸਥਿਤੀ ਵਿੱਚ ਤੁਹਾਡੇ ਵਿਰੁੱਧ ਕਾਰਵਾਈ ਹੋ ਸਕਦੀ ਹੈ। ਇਸ ਲਈ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
3. ਤੁਹਾਨੂੰ ਕਦੇ ਵੀ ਆਪਣੇ ਮੋਬਾਈਲ ਤੋਂ ਕੋਈ ਭੜਕਾਊ ਚੀਜ਼ ਸਾਂਝੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਭੜਕਾਉਣਾ ਚਾਹੀਦਾ ਹੈ। ਜੇਕਰ ਤੁਸੀਂ ਚੋਣਾਂ ਦੇ ਸਮੇਂ, ਕਿਸੇ ਹੋਰ ਪ੍ਰੋਗਰਾਮ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਪ੍ਰਤੀ ਮੋਬਾਈਲ ਰਾਹੀਂ ਨਫ਼ਰਤ ਫੈਲਾਉਂਦੇ ਹੋਏ ਪਾਏ ਜਾਂਦੇ ਹੋ, ਤਾਂ ਤੁਸੀਂ ਜੇਲ੍ਹ ਵੀ ਜਾ ਸਕਦੇ ਹੋ।
4. ਬਹੁਤ ਸਾਰੇ ਲੋਕ ਕੁੜੀਆਂ ਦੀ ਇੱਜ਼ਤ ਨਹੀਂ ਕਰਦੇ ਪਰ ਜੇਕਰ ਤੁਸੀਂ ਕੁੜੀਆਂ ਨੂੰ ਆਪਣੇ ਮੋਬਾਈਲ ਤੋਂ ਕਾਲ ਕਰਕੇ ਤੰਗ ਕਰਦੇ ਹੋ ਜਾਂ ਉਨ੍ਹਾਂ ਨੂੰ ਗਲਤ ਸੰਦੇਸ਼ ਆਦਿ ਭੇਜਦੇ ਹੋ ਤਾਂ ਅਜਿਹੀ ਸਥਿਤੀ ਵਿੱਚ ਵੀ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਜੇਕਰ ਤੁਹਾਡੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਤੁਹਾਡੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।
5. ਜਦੋਂ ਵੀ ਤੁਸੀਂ ਮੋਬਾਈਲ 'ਤੇ ਕਾਲ ਕਰੋ ਤਾਂ ਧਿਆਨ ਰੱਖੋ ਕਿ ਕਾਲ 'ਤੇ ਕਦੇ ਵੀ ਕਿਸੇ ਨੂੰ ਇਤਰਾਜ਼ਯੋਗ ਸ਼ਬਦ, ਗਾਲ੍ਹਾਂ ਜਾਂ ਧਮਕੀਆਂ ਆਦਿ ਨਾ ਦਿਓ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤੇ ਉਹ ਵਿਅਕਤੀ ਤੁਹਾਡੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ, ਤਾਂ ਤੁਹਾਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।