ਨਵੀਂ ਦਿੱਲੀ: ਭਾਰਤ 'ਚ ਵੱਧ ਤੋਂ ਵੱਧ ਲੋਕਾਂ ਨੂੰ ਆਨਲਾਈਨ ਲਿਆਉਣ ਤੇ ਇੰਟਰਨੈੱਟ ਦੀ ਸਹੂਲਤ ਉਪਲੱਬਧ ਕਰਵਾਉਣ ਲਈ ਟੈੱਕ ਕੰਪਨੀ ਗੂਗਲ ਨੇ ਆਪਣਾ ਗੂਗਲ ਸਟੇਸ਼ਨ ਲਾਂਚ ਕੀਤਾ ਹੈ। ਗੂਗਲ ਨੇ ਆਪਣੇ ਗੂਗਲ ਫਾਰ ਇੰਡੀਆ ਪ੍ਰੋਗਰਾਮ ਦੌਰਾਨ 18ਵੇਂ ਜਨਮ ਦਿਨ ਮੌਕੇ ਜਨਤਕ ਵਾਈ-ਫਾਈ ਪਲੇਟਫਾਰਮ ਗੂਗਲ ਸਟੇਸ਼ਨ, ਯੂ-ਟਿਊਬ ਗੋ ਲਾਂਚ ਕੀਤਾ। ਗੂਗਲ ਸਟੇਸ਼ਨ ਮਾਲ, ਰੇਲਵੇ ਸਟੇਸ਼ਨ, ਬੱਸ ਸਟਾਪ, ਕੈਫੇ ਤੇ ਯੂਨੀਵਰਸਿਟੀ ਵਰਗੀਆਂ ਥਾਵਾਂ 'ਤੇ ਲਾਏ ਜਾਣਗੇ।

ਇਸ ਦੇ ਨਾਲ ਹੀ ਗੂਗਲ ਅਸਿਸਟੈਂਟ ਦੇ ਹਿੰਦੀ 'ਚ ਲਾਂਚ ਕੀਤੇ ਜਾਣ ਦਾ ਵੀ ਐਲਾਨ ਕੀਤਾ ਗਿਆ। ਇਹ ਸਾਲ ਦੇ ਅਖੀਰ ਤੱਕ ਉਪਲੱਬਧ ਹੋਵੇਗਾ। ਇਹ ਗੂਗਲ ਦੇ ਮੋਬਾਈਲ ਮੈਸੇਂਜਿੰਗ ਐਪ allo ਦੇ ਨਾਲ ਮਿਲੇਗਾ। ਕੰਪਨੀ ਨੇ ਇਸ ਤੋਂ ਇਲਾਵਾ ਤਿੰਨ ਸੀਰੀਜ਼ ਐਕਸੈੱਸ, ਪਲੇਟਫਾਰਮ ਤੇ ਪ੍ਰੋਡਕਟ ਗੂਗਲ ਪਲੇਅ, ਕਰੋਮ, ਯੂ-ਟਿਊਬ ਗੋ, ਗੂਗਲ ਸਟੇਸ਼ਨ, ਗੂਗਲ ਹੂਓ ਤੇ allo ਸੇਵਾਵਾਂ ਦਾ ਐਲਾਨ ਕੀਤਾ ਹੈ।

ਗੂਗਲ ਦੇ ਅਧਿਕਾਰੀ ਸੀਜਰ ਸੇਨ ਗੁਪਤਾ ਨੇ ਦੱਸਿਆ,"ਹਰ ਸੈਕੰਡ ਤਿੰਨ ਭਾਰਤੀ ਆਨਲਾਈਨ ਆਉਂਦੇ ਹਨ ਤੇ ਅਸੀਂ ਉਨ੍ਹਾਂ ਲਈ ਯਕੀਨੀ ਬਣਾਉਂਦੇ ਹਾਂ ਕਿ ਉਨ੍ਹਾਂ ਦਾ ਤਜਰਬਾ ਵਧੀਆ ਰਹੇ ਤੇ ਉਨ੍ਹਾਂ ਦੇ ਕੰਮ ਦਾ ਹੋਵੇ। ਪਰ ਪਹਿਲਾਂ ਦੇ ਲੋਕ ਜਿਹੜੇ ਇੰਟਰਨੈੱਟ ਨਾਲ ਜੁੜੇ ਤੇ ਅੱਗੇ ਦੇ ਹੋਰ ਅਰਬਾਂ ਲੋਕ ਜੋ ਇਸ ਨਾਲ ਜੁੜਨਗੇ, ਉਨ੍ਹਾਂ ਦੋਵਾਂ ਦੀਆਂ ਜ਼ਰੂਰਤਾਂ ਬਿਲਕੁਲ ਵੱਖ ਹਨ। ਅਸੀਂ ਇਸ ਦੇ ਲਈ ਕੰਮ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਲੋਕ ਤਕਨੀਕ ਦੀ ਕਿਸ ਤਰ੍ਹਾਂ ਵਰਤੋਂ ਕਰਨਗੇ।"