ਨਵੀਂ ਦਿੱਲੀ: ਫੁਟਬਾਲ ਫੈਨਜ਼ ਲਈ ਮਾਰੂਤੀ ਸੁਜ਼ੂਕੀ ਨੇ ਸਵਿਫਟ ਦਾ ਨਵਾਂ ਸਪੈਸ਼ਲ ਅਡੀਸ਼ਨ ਡੇਕਾ ਉਤਾਰਿਆ ਹੈ। ਸਵਿਫਟ ਦੇ ਇਸ ਰੂਪ ਨੂੰ ਫਰਵਰੀ ਵਿੱਚ ਹੋਣ ਵਾਲੇ ਇੰਡੀਅਨ ਆਟੋ ਐਕਸਪੋ-2016 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਨਵੇਂ ਮਾਰਕੀਟਿੰਗ ਕੰਪੇਨ 'ਦ ਨੈਕਸਟ ਬਿੱਗ-10' ਤਹਿਤ ਉਤਾਰਿਆ ਗਿਆ ਹੈ। ਸਵਿਫਟ ਡੇਕਾ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਉਪਲਬਧ ਹੋਵੇਗੀ। ਇਸ ਦੌਰਾਨ ਯੂਰਪੀਅਨ ਫੁਟਬਾਲ ਦਾ ਨਵਾਂ ਸੀਜ਼ਨ ਵੀ ਸ਼ੁਰੂ ਹੋਵੇਗਾ। ਇਸ ਦੀ ਕੀਮਤ ਸਟੈਂਡਰਡ ਮਾਡਲ ਤੋਂ 30 ਤੋਂ 40 ਹਜ਼ਾਰ ਰੁਪਏ ਜ਼ਿਆਦਾ ਹੋਵੇਗੀ।

ਸਵਿਫਟ ਦਾ ਇਹ ਨਵਾਂ ਲਿਮਟਿਡ ਅਡੀਸ਼ਨ ਰੈੱਡ ਐਂਡ ਵਾਈਟ ਕਲਰ ਸਕੀਮ ਵਿੱਚ ਮਿਲੇਗਾ। ਕਾਰ ਦਾ ਬਾਡੀ ਕਲਰ ਰੈੱਡ ਰੱਖਿਆ ਗਿਆ ਹੈ ਤੇ ਇਸ 'ਤੇ ਸਫੇਦ ਰੰਗ ਦੀਆਂ ਚੌੜੀਆਂ ਪੱਟੀਆਂ ਦਿੱਤੀਆਂ ਗਈਆਂ ਹਨ। ਸਾਈਡ ਪ੍ਰੋਫਾਈਲ ਵਿੱਚ 10 ਨੰਬਰ ਦੀ ਬ੍ਰਾਂਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਰ ਦੀ ਬਣਾਵਟ ਵਿੱਚ ਹੋਰ ਕੋਈ ਬਦਲਾਅ ਨਹੀਂ ਹੋਇਆ।

ਸਵਿਫਟ ਡੇਕਾ ਨੂੰ ਮੌਜੂਦ ਮਾਡਲ ਦੇ ਜੈੱਡ.ਐਕਸ.ਆਈ. ਵੈਰੀਐਂਟ 'ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਕੈਬਿਨ ਵਿੱਚ ਟੱਚਸਕਰੀਨ ਇਨਫੋਟੇਂਮੈਂਟ ਸਿਸਟਮ, ਆਰਮਰੇਸਟ ਦੇ ਨਾਲ ਡਿਊਲ ਕਲਰ ਵਾਲੀਆਂ ਲੈਦਰ ਸੀਟਾਂ, ਕੁਸ਼ਨ ਕਵਰ ਵਾਲਾ ਸਟੀਅਰਿੰਗ ਵਹੀਲ ਤੇ ਕ੍ਰੋਮ ਪੈਡਲਸ ਮਿਲਣਗੇ। ਇਨ੍ਹਾਂ ਤੋਂ ਇਲਾਵਾ ਪੂਰੇ ਕੈਬਿਨ ਵਿੱਚ ਲਾਲ ਰੰਗ ਲਾਈਨ ਵੀ ਦਿੱਤੀ ਗਈ ਹੈ।

ਬੋਨਟ ਦੇ ਥੱਲੇ ਇੰਜਨ ਦੇ ਮੋਰਚੇ 'ਤੇ ਕਾਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਵਿੱਚ ਪਹਿਲੇ ਦੀ ਤਰ੍ਹਾਂ ਹੀ 1.2 ਲੀਟਰ ਦਾ ਪੈਟਰੋਲ ਤੇ 1.4 ਲੀਟਰ ਦਾ ਇੰਜ਼ਨ ਲੱਗਾ ਹੈ। ਪੈਟਰੋਲ ਇੰਜ਼ਨ 84.3 ਪੀ.ਐਸ. ਦੀ ਪਾਵਰ ਤੇ 115 ਐਨ.ਐਮ. ਦਾ ਟਾਰਕ ਦਿੰਦਾ ਹੈ। ਡੀਜ਼ਲ ਇੰਜ਼ਨ 75 ਪੀ.ਐਸ. ਦੀ ਤਾਕਤ ਅਤੇ 190 ਐਨ.ਐਮ. ਦਾ ਟਾਰਕ ਦਿੱਤਾ ਹੈ।