ਨਵੀਂ ਦਿੱਲੀ : ਅਨਿਲ ਅੰਬਾਨੀ ਨੇ ਆਪਣੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਤੇ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਦੇ ਨਾਲ ਮਿਲਕੇ ਕੰਮ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਗਾਹਕਾਂ ਨੂੰ ਹੋਰ ਫਾਇਦਾ ਮਿਲੇਗਾ। ਮੁੰਬਈ ਵਿੱਚ ਆਪਣੀਆਂ ਚਾਰ ਕੰਪਨੀਆਂ ਦੀ ਸਾਲਾਨਾ ਬੈਠਕ ਦੌਰਾਨ ਸ਼ੇਅਰ ਹੋਲਡਰਾਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।
ਅਨਿਲ ਅੰਬਾਨੀ ਨੇ ਕਿਹਾ, 'ਦੋਵੇਂ ਭਰਾ ਧੀਰੂਭਾਈ ਅੰਬਾਨੀ ਦੇ ਸਪਨਿਆਂ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਨਗੇ।' ਅਨਿਲ ਅੰਬਾਨੀ ਨੇ ਅੱਗੇ ਕਿਹਾ, "ਸਾਡੇ ਕੋਲ 2G, 3G ਤੇ 4G' ਸਪੈਕਟਰਮ ਹਨ। ਅਸੀਂ ਰਿਲਾਇੰਸ ਕਮਿਊਨੀਕੇਸ਼ਨ ਤੇ ਰਿਲਾਇੰਸ ਜੀਓ ਵਿੱਚ ਵਰਚੂਅਲ ਰਲੇਵਾਂ ਕਰ ਰਹੇ ਹਾਂ।"
ਰਿਲਾਇੰਸ ਜੀਓ ਇੰਫੋਕਾਮ ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਵਿੱਚ ਮੋਬਾਈਲ ਸਪੈਕਟਰਮ ਵੰਡਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਰਿਲਾਇੰਸ ਕਮਿਊਨੀਕੇਸ਼ਨ ਦੇ ਮੋਬਾਈਲ ਟਾਵਰ ਇਸਤੇਮਾਲ ਕਰਨ ਲਈ ਜੀਓ ਨੇ ਪਹਿਲਾਂ ਹੀ ਸਮਝੌਤਾ ਕੀਤਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਜੀਓ ਰਿਲਾਇੰਸ ਕਮਿਊਨੀਕੇਸ਼ਨ ਦੇ ਟਾਵਰ ਦਾ ਇਸਤੇਮਾਲ ਕਰੇਗੀ।
ਇਸ ਸਮਝੌਤੇ ਨਾਲ ਰਿਲਾਇੰਸ ਕਮਿਊਨੀਕੇਸ਼ਨ ਦੀ ਬਚਤ ਹੋਵੇਗੀ। ਟੈਲੀਕਾਮ ਕੰਪਨੀਆਂ ਨੂੰ ਬਾਜ਼ਾਰ ਵਿੱਚ ਬਣੇ ਰਹਿਣ ਲਈ ਸਪੈਕਟ੍ਰਮ 'ਤੇ ਭਾਰੀ ਖਰਚ ਕਰਨਾ ਪੈਂਦਾ ਹੈ। ਇਸ ਸਮਝੌਤੇ ਤੋਂ ਰਿਲਾਇੰਸ ਨੂੰ ਇਸ ਖਰਚ ਵਿੱਚ ਵੱਡੀ ਰਾਹਤ ਮਿਲੇਗੀ।