ਨਵੀਂ ਦਿੱਲੀ: ਜੀਓ ਤੋਂ ਏਅਰਟੈੱਲ ਦੇ ਕਨੈਕਸ਼ਨ 'ਤੇ ਕਾਲ ਡ੍ਰਾਪ ਦੀ ਸਮੱਸਿਆ ਹੁਣ ਦੂਰ ਹੋ ਸਕਦੀ ਹੈ। ਏਅਰਟੈੱਲ ਨੇ ਜੀਓ ਨੂੰ ਜ਼ਿਆਦਾ ਇੰਟਰਕਨੈਕਟ ਪੁਆਇੰਟ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਏਅਰਟੈੱਲ ਮੁਤਾਬਕ ਇਸ ਫੈਸਲੇ ਤੋਂ ਬਾਅਦ ਇੰਟਰਕਨੈਕਟ ਪੁਆਇੰਟ ਦੀ ਗਿਣਤੀ ਮੌਜੂਦਾ ਸਮੇਂ ਤੋਂ ਤਿੰਨ ਗੁਣਾ ਵਧਾ ਦਿੱਤੀ ਜਾਏਗੀ। ਇਹ 1.5 ਕਰੋੜ ਗਾਹਕਾਂ ਨੂੰ ਸੇਵਾ ਉਪਲੱਬਧ ਕਰਵਾਉਣ ਦੇ ਸਮਰੱਥ ਹੈ, ਜੋ ਜੀਓ ਦੇ ਮੌਜੂਦਾ ਗਾਹਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੈ।
ਏਅਰਟੈੱਲ ਨੇ ਆਪਣੇ ਬਿਆਨ 'ਚ ਕਿਹਾ, "ਏਅਰਟੈੱਲ ਇੱਕ ਜਿੰਮੇਵਾਰ ਜਥੇਬੰਦੀ ਹੈ। ਇਹ ਕਾਇਦੇ-ਕਾਨੂੰਨ ਦੇ ਨਾਲ ਇੰਟਰਕਨੈਕਟ ਸਮਝੌਤੇ ਦਾ ਵੀ ਪੂਰੀ ਤਰ੍ਹਾਂ ਪਾਲਣ ਕਰਦੀ ਹੈ ਤੇ ਕਰਦੀ ਰਹੇਗੀ।" ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਦੇਣ ਵਾਲੀ ਭਾਰਤੀ ਏਅਰਟੈੱਲ ਨੇ ਕਿਹਾ ਸੀ ਕਿ ਉਹ ਇੰਟਰਕੁਨੈਕਸ਼ਨ ਪੁਆਇੰਟ ਵਧਾਏਗੀ, ਜਿਸ ਨਾਲ ਦੂਸਰੇ ਨੈੱਟਵਰਕ ਤੋਂ ਉਸ ਦੇ ਨੈੱਟਵਰਕ 'ਤੇ ਕਾਲ ਕਰਨਾ ਆਸਾਨ ਹੋਵੇਗਾ।
ਇਸ ਫੈਸਲੇ ਦਾ ਸਵਾਗਤ ਕਰਦਿਆਂ ਜੀਓ ਨੇ ਕਿਹਾ ਕਿ 10 ਦਿਨ 'ਚ ਜੀਓ ਦੇ ਗਾਹਕਾਂ ਦੇ ਏਅਰਟੈੱਲ ਦੇ ਨੈੱਟਵਰਕ 'ਤੇ ਕੀਤੇ ਗਏ 22 ਕਰੋੜ ਕਾਲ ਫੇਲ੍ਹ ਹੋਏ ਹਨ। ਜੀਓ ਨੇ ਦੱਸਿਆ ਕਿ ਉਸ ਨੇ ਬੀਤੇ ਕੁਝ ਮਹੀਨਿਆਂ 'ਚ ਲਗਾਤਾਰ ਏਅਰਟੈੱਲ ਤੇ ਹੋਰ ਆਪ੍ਰੇਟਰਾਂ ਨੂੰ ਇੰਟਰਕੁਨੈਕਸ਼ਨ ਪੁਆਇੰਟ ਦੀ ਜ਼ਰੂਰਤ ਬਾਰੇ ਲਿਖਿਆ ਹੈ ਪਰ ਕੰਪਨੀਆਂ ਵੱਲੋਂ ਇਸ ਦਿਸ਼ਾ 'ਚ ਕੋਈ ਕਦਮ ਨਾ ਚੁੱਕੇ ਜਾਣ ਨਾਲ ਟਰਾਈ ਦੇ ਸਟੈਂਡਰਡਜ਼ 'ਤੇ ਉਸ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ।
ਜੀਓ ਦੇ ਅਨੁਸਾਰ ਬੀਤੇ ਕੁਝ ਹਫਤਿਆਂ 'ਚ ਉਸ ਦੀਆਂ ਸੇਵਾਵਾਂ ਦੀ ਗੁਣਵੱਤਾ ਕਾਫੀ ਖਰਾਬ ਹੋਈ ਹੈ। ਹਰ 100 'ਚੋਂ 75 ਕਾਲਸ ਫੇਲ ਹੋਈਆਂ ਹਨ। ਉਸ ਨੇ ਦੱਸਿਆ ਕਿ ਬੀਤੇ 10 ਦਿਨ 'ਚ ਏਅਰਟੈੱਲ, ਵੋਡਾਫੋਨ ਤੇ ਆਈਡੀਆ ਦੇ ਨੈੱਟਵਰਕ 'ਤੇ ਉਸ ਦੇ ਗਾਹਕਾਂ ਦੀਆਂ 52 ਕਰੋੜ ਕਾਲਾਂ ਫੇਲ੍ਹ ਹੋਈਆਂ ਹਨ।