ਨਵੀਂ ਦਿੱਲੀ: ਐਪਲ ਦੇ ਆਈਫੋਨ 7 ਤੇ 7 ਪਲੱਸ ਦੀ ਭਾਰਤ 'ਚ ਡਲਿਵਰੀ ਲਈ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਲਈ ਤੁਸੀਂ ਪ੍ਰੀਮੀਅਮ ਸਟੋਰਾਂ 'ਤੇ ਜਾ ਕੇ 1000 ਤੋਂ 5000 ਰੁਪਏ ਦੇ ਕੇ ਆਈਫੋਨ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਐਪਲ ਨੇ ਆਪਣਾ ਆਈਫੋਨ 7 ਤੇ 7 ਪਲੱਸ 7 ਸਤੰਬਰ ਨੂੰ ਲਾਂਚ ਕੀਤਾ ਸੀ। ਅਮਰੀਕਾ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਇਸ ਫੋਨ ਦੀ ਸ਼ਿਪਮੈਂਟ 16 ਸਤੰਬਰ ਤੋਂ ਸ਼ੁਰੂ ਹੋ ਜਾਏਗੀ।
ਆਈਫੋਨ ਦੀ ਰਜਿਸਟ੍ਰੇਸ਼ਨ ਲਈ ਤੁਹਾਨੂੰ ਬੁਕਿੰਗ ਦੀ ਰਕਮ ਦੇ ਨਾਲ ਆਪਣਾ ਪਸੰਦੀਦਾ ਰੰਗ ਤੇ ਮੈਮਰੀ ਵੈਰੀਐਂਟ ਦੀ ਜਾਣਕਾਰੀ ਰਿਟੇਲਰ ਨੂੰ ਦੇਣੀ ਹੋਏਗੀ। ਗੁੜਗਾਓਂ ਦੇ ਇੱਕ ਐਪਲ ਸਟੋਰ ਮਾਲਕ ਮੁਤਾਬਕ 7 ਅਕਤੂਬਰ ਨੂੰ ਲਾਂਚ ਹੋਣ ਵਾਲੇ ਐਪਲ ਆਈਫੋਨ 7 ਤੇ ਆਈਫੋਨ 7 ਪਲੱਸ ਦੇ ਲਈ ਗ੍ਰਾਹਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਲਈ 1000 ਤੋਂ 5000 ਰੁਪਏ ਤੱਕ ਦੇਣੇ ਹੋਣਗੇ ਜਿਸ ਦੀ ਰਸੀਦ ਦਿੱਤੀ ਜਾਏਗੀ। ਇਸ ਤੋਂ ਬਾਅਦ ਜਦ 7 ਅਕਤੂਬਰ ਨੂੰ ਅੱਧੀ ਰਾਤ ਵੇਲੇ ਆਈਫੋਨ 7 ਭਾਰਤ 'ਚ ਲਾਂਚ ਹੋਵੇਗਾ ਤਾਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਗਾਹਕਾਂ ਨੂੰ ਉਨ੍ਹਾਂ ਦਾ ਬੁਕਿੰਗ ਵਾਲਾ ਆਈਫੋਨ ਦਿੱਤਾ ਜਾਵੇਗਾ। ਹਾਲਾਂਕਿ ਇਸ ਬਾਰੇ ਐਪਲ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਹੈ।
7ਵੀਂ ਜਨਰੇਸ਼ਨ ਦਾ ਆਈਫੋਨ-7 ਬਿਨਾਂ ਆਡੀਓ ਜੈੱਕ ਦੇ ਨਾਲ ਵਾਟਰ ਪਰੂਫ਼ ਹੈ। 7 ਤੇ 7 ਪਲੱਸ ਫੋਨਾਂ ਦੀ ਵੱਧ ਤੋਂ ਵੱਧ ਸਮਰੱਥਾ 256 ਜੀ. ਬੀ. ਤਕ ਵਧਾਈ ਗਈ ਹੈ। ਦੋਵੇਂ ਫ਼ੋਨ 32 ਜੀ. ਬੀ., 128 ਜੀ. ਬੀ. ਤੇ 256 ਜੀ. ਬੀ. ਦੀ ਸਮਰੱਥਾ ਵਿਚ ਮੁਹੱਈਆ ਹੋਣਗੇ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ। ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਉਤਾਰਿਆ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ।
ਨਵੇਂ ਫ਼ੋਨ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ। ਨਵਾਂ ਫ਼ੋਨ ਗੋਲਡ, ਸਿਲਵਰ ਕਲਰ ਵਿਚ ਵੀ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਹੋਮ ਬਟਨ ਨਾਲ ਟੈਪਟਿਕ ਇੰਜਨ ਲਗਾਇਆ ਗਿਆ ਹੈ, ਜਿਸ ਨਾਲ ਹੋਮ ਬਟਨ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਜਾਵੇਗੀ। ਨਵੇਂ ਆਈ ਫ਼ੋਨ ਵਿਚ ਆਈ. ਪੀ. 67 ਪ੍ਰੋਟੈਕਸ਼ਨ ਸਟੈਂਡਰਡ ਨੂੰ ਫਾਲ਼ੋਂ ਕੀਤਾ ਗਿਆ ਹੈ, ਜਿਸ ਨਾਲ ਨਵਾਂ ਆਈ ਫ਼ੋਨ ਪਾਣੀ ਵਿਚ ਡੁੱਬਣ ਜਾਂ ਮਿੱਟੀ ਪੈਣ ‘ਤੇ ਵੀ ਸੁਰੱਖਿਅਤ ਰਹੇਗਾ।
ਨਵੇਂ ਆਈ ਫ਼ੋਨ ਵਿਚ ਲੱਗੇ ਕੈਮਰੇ ਦਾ ਐਕਸਪੋਜ਼ਰ ਪਿਛਲੇ ਫ਼ੋਨ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਇਸ ਵਿਚ 6 ਐਲੀਮੈਂਟਸ ਲੈੱਨਜ਼ ਲੱਗਿਆ ਹੈ, ਜੋ 7 ਫ਼ੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ ਜੇਕਰ ਤੁਸੀਂ ਫ਼ੋਨ ਤੋਂ ਬਹੁਤ ਸਾਰੀਆਂ ਫ਼ੋਟੋਆਂ ਇੱਕੋ ਸਮੇਂ ਖਿੱਚੋਗੇ ਤਾਂ ਇਹ ਬੈੱਸਟ ਫ਼ੋਟੋ ਦੀ ਚੋਣ ਕਰ ਕੇ ਤੁਹਾਨੂੰ ਖ਼ੁਦ ਹੀ ਦੱਸ ਦੇਵੇਗਾ। ਆਈ ਫ਼ੋਨ 7 ਪਲੱਸ ‘ਚ 12 ਮੈਗਾ ਪਿਕਸਲਜ਼ ਦੇ ਦੋ ਕੈਮਰੇ ਲਗਾਏ ਗਏ ਹਨ, ਇਨ੍ਹਾਂ ਵਿਚੋਂ ਇੱਕ ਕੈਮਰਾ ਫ਼ੋਟੋ ਖਿੱਚਣ ਦਾ ਕੰਮ ਕਰੇਗਾ, ਜਦਕਿ ਦੂਸਰੇ ਕੈਮਰੇ ਨਾਲ ਫ਼ੋਟੋ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕੀਤਾ ਜਾ ਸਕੇਗਾ।
ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਦੂਰ ਦੀ ਫ਼ੋਟੋ ਖਿੱਚਣ ‘ਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਤੇ ਇਹ ਕੈਮਰਾ ਪ੍ਰੋਫੈਸ਼ਨਲ ਕੈਮਰੇ ਵਾਂਗ ਕੰਮ ਕਰੇਗਾ। ਨਵੇਂ ਫ਼ੋਨ ਦੇ ਆਡੀਓ ਸਪੀਕਰ ਦੀ ਸਮਰੱਥਾ 6 ਅਤੇ 6 ਐੱਸ ਦੇ ਮੁਕਾਬਲੇ ਦੁੱਗਣੀ ਹੈ। ਇਸ ਵਿਚ ਦੋ ਸਟੀਰੀਓ ਸਪੀਕਰ ਦਿੱਤੇ ਗਏ ਹਨ, ਜੋ ਕਿ ਬੈੱਸਟ ਕੁਆਲਿਟੀ ਦੀ ਆਡੀਓ ਮੁਹੱਈਆ ਕਰਵਾਉਂਦੇ ਹਨ। ਐਪਲ ਨੇ ਸੰਗੀਤ ਸੁਣਨ ਦੇ ਸ਼ੌਕੀਨਾਂ ਲਈ ਵਾਇਰਲੈੱਸ ਏਅਰਪੋਡਸ ਲਾਂਚ ਕੀਤਾ ਹੈ। ਇਹ ਏਅਰਪੋਡ ਡਬਲ ਯੂ. 1 ਚਿੱਪ ਨਾਲ ਲੈਸ ਹੈ ਅਤੇ ਇੱਕ ਵਾਰ ਚਾਰਜ ਕਰਨ ‘ਤੇ 24 ਘੰਟੇ ਸੁਣਿਆ ਜਾ ਸਕਦਾ ਹੈ।
ਨਵੇਂ ਆਈ ਫ਼ੋਨ ‘ਚ ਏ-10 ਫਿਊਜਨ ਚਿੱਪ ਲਗਾਈ ਗਈ ਹੈ, ਜੋ ਕਿ ਏ-9 ਅਤੇ ਏ-8 ਪ੍ਰੋਸੈੱਸਰ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ। ਇਸ ਦੀ ਪ੍ਰਫਾਰਮੈਂਸ ਏ-8 ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਜਦਕਿ ਏ-9 ਦੇ ਮੁਕਾਬਲੇ ਇਹ ਡੇਢ ਗੁਣਾ ਤਕ ਬਿਹਤਰ ਪ੍ਰਫਾਰਮੈਂਸ ਦਿੰਦੀ ਹੈ। ਗਰਾਫ਼ਿਕਸ ਪ੍ਰਫਾਰਮੈਂਸ ਦੇ ਮਾਮਲੇ ਵਿਚ ਵੀ ਇਹ ਏ-8 ਦੇ ਮੁਕਾਬਲੇ ਤਿੰਨ ਗੁਣਾ ਅਤੇ ਏ-9 ਦੇ ਮੁਕਾਬਲੇ 50 ਫ਼ੀਸਦੀ ਪ੍ਰਫਾਰਮੈਂਸ ਦਿੰਦੀ ਹੈ। ਆਈ ਫ਼ੋਨ-7 ਤੇ 7 ਐੱਸ ਦੀ ਬੈਟਰੀ ਆਈ ਫ਼ੋਨ 6 ਦੇ ਮੁਕਾਬਲੇ ਦੋ ਘੰਟੇ ਜ਼ਿਆਦਾ ਚੱਲੇਗੀ।