ਨਵੀਂ ਦਿੱਲੀ: ਰਿਲਾਇੰਸ ਜੀਓ ਲਗਾਤਾਰ ਆਪਣੇ ਗਾਹਕਾਂ ਲਈ ਇੱਕ ਤੋਂ ਬਾਅਦ ਇੱਕ ਆਫਰ ਲਿਆ ਰਹੀ ਹੈ। ਕੰਪਨੀ ਦੇ ਸਸਤੇ ਪਲਾਨ ਨੂੰ ਲੈ ਕੇ ਹਰ ਕੋਈ ਖਿੱਚਿਆ ਜਾ ਰਿਹਾ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਦੀ ਕੰਪਨੀ ਨੂੰ ਛੋਟੇ ਭਰਾ ਅਨਿਲ ਅੰਬਾਨੀ ਦੀ ਕੰਪਨੀ ਤੋਂ ਹੀ ਚਣੌਤੀ ਮਿਲੀ ਹੈ। ਅਨਿਲ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਆਪਣੇ ਗਾਹਕਾਂ ਲਈ ਨਵੇਂ ਰੀਚਾਰਜ ਪਲਾਨ ਦਾ ਐਲਾਨ ਕਰਦਿਆਂ ਸਿਰਫ 149 ਰੁਪਏ 'ਚ ਅਨਲਿਮਟਡ ਆਊਟਗੋਇੰਗ ਕਾਲ ਦਾ ਆਫਰ ਦਿੱਤਾ ਹੈ। ਇਸ ਦੇ ਨਾਲ ਹੀ 300 ਐਮ.ਬੀ. ਡਾਟਾ ਵੀ ਦਿੱਤਾ ਜਾਏਗਾ।

ਕੰਪਨੀ ਦੇ ਇਸ ਪਲਾਨ ਦੀ ਖਾਸੀਅਤ ਇਹ ਹੈ ਕਿ ਇਸ ਦਾ ਫਾਇਦਾ 2 ਜੀ, 3 ਜੀ ਤੇ 4 ਜੀ ਦੀ ਸਰਵਿਸ ਲੈਣ ਵਾਲੇ ਗਾਹਕ ਵੀ ਲੈ ਸਕਣਗੇ। ਜ਼ਿਕਰਯੋਗ ਹੈ ਕਿ ਜੀਓ ਦੀ ਆਫਰ ਸਿਰਫ 4 ਜੀ ਨੈੱਟਵਰਕ ਲਈ ਹੈ। ਫਿਲਹਾਲ ਰਿਲਾਇੰਸ ਕਮਿਊਨੀਕੇਸ਼ਨ ਦੀ ਸਰਵਿਸ 17 ਸਰਕਲਾਂ 'ਚ ਉਪਲਬਧ ਹੈ। ਬਿਹਾਰ, ਪੱਛਮੀ ਬੰਗਾਲ, ਉਡੀਸਾ, ਅਸਾਮ ਤੇ ਪੂਰਵ ਉੱਤਰ ਰਾਜਾਂ 'ਚ ਇਹ ਸਰਵਿਸ ਨਹੀਂ ਮਿਲ ਰਹੀ ਹੈ।

ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਲਾਂਚ ਕਰ ਟੈਲੀਕਾਮ ਦੇ ਖੇਤਰ 'ਚ ਹਲਚਲ ਪੈਦਾ ਕਰ ਦਿੱਤੀ ਹੈ। ਅਨਲਿਮਟਡ ਇੰਟਰਨੈਟ ਤੇ ਕਾਲਿੰਗ ਦੀ ਸਹੂਲਤ ਦਿੰਦਿਆਂ ਜੀਓ ਨੇ ਰਿਕਾਰਡ ਕਸਟਮਰ ਬਣਾਏ ਹਨ। ਇਸ ਨੂੰ ਦੇਖਦਿਆਂ ਛੋਟੇ ਭਰਾ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਗਾਹਕਾਂ ਨੂੰ ਆਪਣੇ ਕੋਲ ਰੱਖਣ ਤੇ ਹੋਰ ਗਾਹਕ ਜੋੜਨ ਲਈ ਇਹ ਨਵੀਂ ਪਹਿਲ ਕੀਤੀ ਹੈ।