ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਚਾਹੁੰਦੀਆਂ ਹਨ ਕਿ ਸਰਕਾਰ ਸਾਲ 2019-20 ਤੱਕ 5G ਸਪੈਕਟ੍ਰਮ ਦੀ ਨੀਲਾਮੀ ਨਾ ਕਰੇ ਤਾਂ ਜੋ ਕੰਪਨੀਆਂ ਖ਼ੁਦ ਨੂੰ ਇਸ ਹਿਸਾਬ ਨਾਲ ਤਿਆਰ ਕਰ ਸਕਣ। ਇਸ ਤੋਂ ਇਲਾਵਾ ਕੰਪਨੀਆਂ ਚਾਹੁੰਦੀਆਂ ਹਨ ਕਿ ਭਾਰਤ ਵਿੱਚ 5G ਲਾਂਚ ਹੋਣ ਤੋਂ ਪਹਿਲਾਂ ਉਹ ਆਰਥਿਕ ਤੰਗੀਆਂ ਤੋਂ ਬਾਹਰ ਆ ਜਾਣ।
ਕੰਪਨੀਆਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਸਾਲ ਸਪੈਕਟ੍ਰਮ ਦੀ ਨੀਲਾਮੀ ਕਰਨ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਇੰਡਸਟਰੀ ਫ਼ਿਲਹਾਲ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ। 5G ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਾਹਰ ਆਉਣ 'ਤੇ ਲਿਆਂਦਾ ਜਾਣਾ ਚਾਹੀਦਾ ਹੈ।
ਮੋਬਾਈਲ ਕੰਪਨੀਆਂ ਦੀ ਜਥੇਬੰਦੀ ਦੇ ਬੁਲਾਰੇ ਮੈਥਿਊਜ਼ ਮੁਤਾਬਕ ਦੁਨੀਆ ਵਿੱਚ ਫ਼ਿਲਹਾਲ 5G ਤਕਨੀਕ ਦਾ ਵਿਕਾਸ ਹੋ ਰਿਹਾ ਹੈ। ਜਦੋਂ ਇਸ ਵਾਸਤੇ ਪੂਰਾ ਸਿਸਟਮ ਬਣ ਜਾਵੇ ਤਾਂ ਉਸ ਵੇਲੇ ਹੀ ਸਪੈਕਟ੍ਰਮ ਨਿਲਾਮ ਕੀਤੇ ਜਾਣੇ ਚਾਹੀਦੇ ਹਨ। ਇਸ ਲਈ ਸਾਡਾ ਮੰਨਣਾ ਹੈ ਕਿ 2020 ਤੱਕ ਇਸ ਦੀ ਨੀਲਾਮੀ ਦਾ ਸਮਾਂ ਚੰਗਾ ਹੋਵੇਗਾ। ਇਸ ਤਕਨੀਕ ਦੇ ਲਿਹਾਜ਼ ਨਾਲ ਕੰਪਨੀਆਂ ਨੂੰ ਤਿਆਰ ਹੋਣ ਲਈ ਫ਼ਿਲਹਾਲ 18 ਮਹੀਨੇ ਦੀ ਹੋਰ ਲੋੜ ਹੈ।
ਟੈਲੀਕਾਮ ਸੈਕਟਰੀ ਅਰੁਣ ਸੰਦਰਰਾਜਨ ਨੇ ਕਿਹਾ ਸੀ ਕਿ ਨੈਸ਼ਨਲ ਟੈਲੀਕਾਮ ਪਾਲਿਸੀ 2018 ਵਿੱਚ 5G ਸਰਵਿਸ ਨੈੱਟਵਰਕ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਦਾ ਡਰਾਫ਼ਟ ਬਣਾ ਰਹੇ ਹਾਂ। ਤਿੰਨ ਹਫ਼ਤਿਆਂ ਵਿੱਚ ਇਸ ਨੂੰ ਲੋਕਾਂ ਦੀ ਸੋਚ ਬਾਰੇ ਪਤਾ ਕਰਨ ਲਈ ਰਿਲੀਜ਼ ਕਰਾਂਗੇ।