ਚੰਡੀਗੜ੍ਹ: ਫੋਰਬਸ ਨੇ ਯੂਟਿਊਬ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਚੈਨਲਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਸਭ ਤੋਂ ਉੱਪਰ ਜਿਸ ਚੈਨਲ ਦਾ ਨਾਂ ਹੈ, ਉਸ ਨੂੰ ਮਹਿਜ਼ 7 ਸਾਲਾਂ ਦੀ ਬੱਚਾ ਚਲਾਉਂਦਾ ਹੈ। ਦਰਅਸਲ, ਅਮਰੀਕਾ ਦੇ ਰਹਿਣ ਵਾਲੇ ਰਿਆਨ (7 ਸਾਲ) ਦਾ ਯੂਟਿਊਬ ’ਤੇ ‘ਰਿਆਨ ਟੌਇਜ਼ ਰਿਵਿਊ’ ਨਾਂ ਦਾ ਚੈਨਲ ਹੈ ਜਿਸ ’ਤੇ ਉਹ ਖਿਡੌਣਿਆਂ ਦੇ ਰਿਵਿਊ ਦਿੰਦਾ ਹੈ।

ਫੋਰਬਸ ਦੀ ਲਿਸਟ ਮੁਤਾਬਕ ਜੂਨ 2017 ਤੋਂ ਜੂਨ 2018 ਵਿਚਾਲੇ ਰਿਆਨ ਨੇ 22 ਮਿਲੀਅਨ ਡਾਲਰ (ਕਰੀਬ 155 ਕਰੋੜ ਰੁਪਏ) ਦੀ ਕਮਾਈ ਕੀਤੀ। ਪਿਛਲੇ ਸਾਲ ਉਸ ਨੇ 11 ਮਿਲੀਅਨ ਡਾਲਰ ਕਮਾਏ ਸੀ। 2016 ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਯੂਟਿਊਬ ਚੈਨਲਾਂ ਦੀ ਲਿਸਟ ਵਿੱਚ ਰਿਆਨ ਦਾ ਚੈਨਲ 8ਵੇਂ ਨੰਬਰ ’ਤੇ ਸੀ। ਮੌਜੂਦਾ ਰਿਆਨ ਦੇ ਚੈਨਲ ’ਤੇ 1.73 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰਸ ਹਨ।

ਪਿਛਲੇ ਸਾਲ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੰਟਰਵਿਊ ਵਿੱਚ ਰਿਆਨ ਦੀ ਮਾਂ ਨੇ ਦੱਸਿਆ ਸੀ ਕਿ ਜਦੋਂ ਰੇਆਨ ਤਿੰਨ ਸਾਲਾਂ ਦਾ ਸੀ, ਉਦੋਂ ਹੀ ਉਨ੍ਹਾਂ ਨੂੰ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਖਿਆਨ ਆਇਆ। ਰਿਆਨ ਛੋਟੀ ਉਮਰ ਵਿੱਚ ਹੀ ਖਿਡੌਣਿਆਂ ਦਾ ਰਿਵਿਊ ਕਰਨ ਵਾਲੇ ਟੀਵੀ ਚੈਨਲ ਵੇਖਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਰੇਆਨ ਨੇ ਮਾਰਚ 2015 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਮਾਰਚ 2015 ਤੋਂ ਜਨਵਰੀ 2016 ਤਕ 10 ਮਹੀਨਿਆਂ ਅੰਦਰ ਰਿਆਨ ਦੇ ਚੈਨਲ ’ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹੋ ਗਏ ਸੀ।