ਚੰਡੀਗੜ੍ਹ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਤੇ ਅਮਰੀਕੀ ਟੈਕ ਕੰਪਨੀ ਐਪਲ ਵਿਚਾਲੇ ‘ਡੀਐਨਡੀ ਐਪ’ ਦਾ ਲਟਕਿਆ ਵਿਵਾਦ ਸੁਲਝ ਗਿਆ ਹੈ। ਐਪਲ ਨੇ ਆਪਣੇ ਐਪ ਸਟੋਰ ਵਿੱਚ ਟ੍ਰਾਈ ਦੀ ਡੀਐਨਡੀ ਐਪ ਮੁਹੱਈਆ ਕਰਵਾ ਦਿੱਤੀ ਹੈ। ਇਸ ਤੋਂ ਪਹਿਲਾਂ ਟ੍ਰਾਈ ਨੇ ਜੁਲਾਈ ਵਿੱਚ ਸਾਫ ਕਰ ਦਿੱਤਾ ਸੀ ਕਿ ਜੇ ਐਪਲ ਨੇ ਆਪਣੇ ਐਪ ਸਟੋਰ ’ਤੇ ਡੀਐਨਡੀ ਇੰਸਟਾਲ ਨਾ ਕੀਤੀ ਤਾਂ ਭਾਰਤ ਵਿੱਚ ਆਈਫੋਨ ਬੰਦ ਕਰ ਦਿੱਤੇ ਜਾਣਗੇ।

ਐਪਲ ਦੇ ਐਪ ਸਟੋਰ ’ਤੇ ‘ਟ੍ਰਾਈ ਡੀਐਨਡੀ-ਡੂ ਨਾਟ ਡਿਸਟਰਬ’ ਦੇ ਨਾਂ ਤੋਂ ਸ਼ਨੀਵਾਰ ਤੋਂ ਮੁਹੱਈਆ ਹੋ ਚੁੱਕੀ ਹੈ। ਇਸ ਐਪ ਦੀ ਮਦਦ ਨਾਲ ਭਾਰਤੀ ਯੂਜ਼ਰਸ ਫੇਕ ਕਾਲਾਂ ਤੇ ਸਪੈਮ ਮੈਸੇਜਿਸ ਤੋਂ ਨਿਜਾਤ ਪਾ ਸਕਦੇ ਹਨ। ਹਾਲਾਂਕਿ ਇਸ ਲਈ ਆਈਫੋਨ ਆਈਪੈਡ ਵਿੱਚ iOS 12.1 ਅਪਡੇਟ ਹੋਣਾ ਲਾਜ਼ਮੀ ਹੈ।

ਦਰਅਸਲ ਟਰਾਈ ਨੇ 19 ਜੁਲਾਈ, 2018 ਨੂੰ ਟੈਲੀਕਾਮ ਕੰਪਨੀਆਂ ਲਈ ਕੁਝ ਨਿਰਦੇਸ਼ ਜਾਰੀ ਕੀਤੇ ਸਨ। ਇਸ ਵਿੱਚ ਟਰਾਈ ਨੇ ਮੋਬਾਈਲ ਕੰਪਨੀਆਂ ਨੂੰ ਆਪਣੇ ਐਪ ਸਟੋਰ ’ਤੇ ਉਸ ਦਾ ਡੀਐਨਡੀ ਐਪ ਡਾਊਨਲੋਡ ਕਰਨ ਦਾ ਵਿਕਲਪ ਦੇਣ ਲਈ ਕਿਹਾ ਸੀ। ਇਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਜੇ ਕੰਪਨੀ ਐਪ ਸਟੋਰ ’ਤੇ ਡੀਐਨਡੀ ਐਪ ਇੰਸਟਾਲ ਨਹੀਂ ਕਰਦੀ ਤਾਂ ਉਸ ’ਤੇ ਭਾਰਤੀ ਨੈਟਵਰਕ ਕੰਮ ਨਹੀਂ ਕਰਨਗੇ ਤੇ ਭਾਰਤ ਵਿੱਚ ਇੱਕ ਤਰੀਕੇ ਨਾਲ ਆਈਫੋਨ ਬੰਦ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਟਰਾਈ ਨੇ ਫੇਕ ਕਾਲ ਤੇ ਸਪੈਮ ਮੈਸੇਜਿਸ ਰੋਕਣ ਲਈ ਡੀਐਨਡੀ ਐਪ ਬਣਾਈ ਸੀ, ਜਿਸ ਨੂੰ ਉਹ ਐਪ ਸਟੋਰ ਵਿੱਚ ਇੰਸਟਾਲ ਕਰਾਉਣਾ ਚਾਹੀਦਾ ਸੀ। ਗੂਗਲ ਨੇ ਪਹਿਲਾਂ ਹੀ ਇਸ ਐਪ ਨੂੰ ਆਪਣੇ ਪਲੇਅ ਸਟੋਰ ਵਿੱਚ ਇੰਸਟਾਲ ਕਰ ਦਿੱਤਾ ਸੀ ਪਰ ਐਪਲ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਟਰਾਈ ਨੇ ਐਪਲ ਨੂੰ ਭਾਰਤ ਵਿੱਚ ਆਈਫੋਨ ਬੈਨ ਕਰਨ ਦੀ ਧਮਕੀ ਦਿੱਤੀ ਸੀ।