ਚੰਡੀਗੜ੍ਹ: ਸਮਾਰਟਫੋਨ ਕੰਪਨੀਆਂ ਆਪਣੇ ਯੂਜ਼ਰਸ ਨੂੰ ਲੁਭਾਉਣ ਲਈ ਇੱਕ ਤੋਂ ਵੱਧ ਇੱਕ ਫੀਚਰਸ ਪੇਸ਼ ਕਰ ਰਹੀਆਂ ਹਨ, ਪਰ 81 ਫੀਸਦੀ ਭਾਰਤੀ ਮੰਨਦੇ ਹਨ ਕਿ ਉਨ੍ਹਾਂ ਦੇ ਫੋਨ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਫੀਚਰਸ ਨਹੀਂ ਮਿਲਦੀਆਂ। ਮੋਬਾਈਲ ਨਾਲ ਜੁੜੀ ਵੈੱਬਸਾਈਟ 91Mobiles.com ਨੇ ਆਪਣੇ ਸਰਵੇਖਣ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਸਰਵੇਖਣ ਅਨੁਸਾਰ, 23 ਫੀਸਦੀ ਭਾਰਤੀਆਂ ਨੇ ਕਿਹਾ ਹੈ ਕਿ ਸਮਾਰਟਫੋਨ ਵਿੱਚ ਖਰਾਬੀ ਕਾਰਨ ਉਨ੍ਹਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਫੋਨ ਨੂੰ ਸਰਵਿਸ ਸੈਂਟਰ ਲੈ ਕੇ ਜਾਣ ਦੀ ਜ਼ਰੂਰਤ ਪੈਂਦੀ ਹੈ। 90 ਫੀਸਦੀ ਲੋਕਾਂ ਨੇ OnePlus ਖਰੀਦਣ ਦੀ ਸਲਾਹ ਦਿੱਤੀ।

91Mobiles ਨੇ ਇਸ ਸਰਵੇਖਣ ਵਿੱਚ 18 ਤੋਂ 30 ਸਾਲ ਦੇ 15 ਤੋਂ ਵੱਧ ਸਮਾਰਟਫੋਨ ਯੂਜ਼ਰਸ ਨੂੰ ਸ਼ਾਮਲ ਕੀਤਾ ਸੀ। ਸਰਵੇਖਣ ਵਿੱਚ ਸ਼ਾਮਲ ਹਰ 4 ਯੂਜ਼ਰਸ ਵਿੱਚੋਂ ਇੱਕ ਨੇ ਸਾਰੇ ਬਰਾਂਡਾਂ ਦੇ ਫੋਨ ਵਿੱਚ ਬੈਟਰੀ ਲਾਈਫ ਵਿੱਚ ਕਮੀ ਦੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ਵਿੱਚੋਂ 20 ਫੀਸਦੀ ਲੋਕਾਂ ਨੇ ਸਾਫਟਵੇਅਰ ਸਲੋਅ ਹੋ ਜਾਣ ਦੀ ਗੱਲ ਕਹੀ। ਇਸ ਤੋਂ ਬਾਅਦ ਕਈ ਯੂਜ਼ਰਸ ਨੇ ਕੈਮਰੇ ਦੀ ਪਰਫਾਰਮੈਂਸ ਖਰਾਬ ਹੋਣ ਦੀ ਗੱਲ ਕਹੀ ਹੈ।

ਸਰਵੇਖਣ ਵਿੱਚ ਸਭ ਤੋਂ ਵੱਡੀਆਂ 5 ਗੱਲਾਂ ਸਾਹਮਣੇ ਨਿਕਲ ਕੇ ਆਈਆਂ

  • 21 ਫੀਸਦੀ ਲੋਕਾਂ ਨੇ ਕਿਹਾ- ਫੋਨ ਦਾ ਵਾਟਰਪਰੂਫ ਹੋਣਾ ਬੇਹੱਦ ਜ਼ਰੂਰੀ

  • 19 ਫੀਸਦੀ ਲੋਕਾਂ ਨੇ ਕੁਇੱਕ ਚਾਰਜਿੰਗ ਨੂੰ ਸਪੋਰਟ ਕੀਤਾ।

  • 15 ਫੀਸਦੀ ਲੋਕਾਂ ਨੇ ਫਰੰਟ ਕੈਮਰੇ ਵਿੱਚ ਫਲੈਸ਼ ਹੋਣ ਦੀ ਗੱਲ ਕਹੀ।

  • 11 ਫੀਸਦੀ ਲੋਕਾਂ ਨੇ ਸਕਿਉਰਟੀ ਦੇ ਮਾਮਲੇ ’ਚ ਫੇਸ ਅਨਲਾਕ ਫੀਚਰ ਨੂੰ ਅਹਿਮ ਦੱਸਿਆ।

  • 23 ਫੀਸਦੀ ਲੋਕਾਂ ਨੇ ਕਿਹਾ- ਫੋਨ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਸਰਵਿਸ ਸੈਂਟਰ ਲੈ ਕੇ ਜਾਣਾ ਪੈਂਦਾ ਹੈ।


90 ਫੀਸਦੀ ਲੋਕਾਂ ਨੇ ਦਿੱਤੀ OnePlus ਖਰੀਦਣ ਦੀ ਸਲਾਹ

ਇਸ ਸਰਵੇਖਣ ਵਿੱਚ ਸ਼ਾਮਲ OnePlus ਉਪਭੋਗਤਾਵਾਂ ਵਿੱਚੋਂ 90 ਫੀਸਦੀ ਯੂਜ਼ਰਸ ਨੇ ਇਹ ਫੋਨ ਖਰੀਦਣ ਦੀ ਸਲਾਹ ਦਿੱਤੀ ਜਦਕਿ ਸ਼ਿਓਮੀ ਦੇ ਉਪਭੋਗਤਾਵਾਂ ਵਿੱਚੋਂ 83 ਫੀਸਦੀ ਲੋਕਾਂ ਨੇ ਇਹ ਫੋਨ ਖਰੀਦਣ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਹੁਆਵੇ ਕੰਪਨੀ ਦੇ ਫੋਨ ਵਰਤਣ ਵਾਲਿਆਂ ਵਿੱਚੋਂ 82.5 ਫੀਸਦੀ ਲੋਕਾਂ ਨੇ ਹੁਆਵੇ ਫੋਨ ਲੈਣ ਦੀ ਸਲਾਹ ਦਿੱਤੀ।