ਨਵੀਂ ਦਿੱਲੀ: ਸਵਿੱਟਰਜ਼ਰਲੈਂਡ ਦੀ ਬਿਜਲੀ ਖੇਤਰ ਦੀ ਪ੍ਰਮੁੱਖ ਕੰਪਨੀ ਏਬੀਬੀ ਭਾਰਤ 'ਚ ਫਲੈਸ਼ ਚਾਰਜਿੰਗ ਉਤਪਾਦ ਲਿਆਉਣ ਦੀ ਤਿਆਰੀ 'ਚ ਹੈ। ਇਸ ਚਾਰਜਰ ਨਾਲ ਕਿਸੇ ਵੀ ਸਟਾਪ 'ਤੇ ਬੱਸ ਨੂੰ ਸਿਰਫ 17 ਸਕਿੰਟਾਂ 'ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ।
ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਇਹ ਉਤਪਾਦ ਕਦੋਂ ਲੈ ਕੇ ਆ ਰਹੀ ਹੈ। ਕੰਪਨੀ ਮੁਤਾਬਕ ਭਾਰਤ 'ਚ ਇਲੈਕਟ੍ਰਾਨਿਕ ਗੱਡੀਆਂ ਦੀ ਵਰਤੋਂ ਕਰਨ ਲਈ ਅਜਿਹੇ ਉਤਪਾਦ ਲਿਆਉਣ ਦੀ ਤਿਆਰੀ 'ਚ ਹੈ।
ਏਬੀਬੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਲਰਿਚ ਸਪਾਈਸਸ਼ਫਰ ਨੇ ਹਾਲ ਹੀ 'ਚ ਇੱਕ ਪ੍ਰੋਗਰਾਮ 'ਚ ਕਿਹਾ ਕਿ ਕੰਪਨੀ ਕਈ ਤਰ੍ਹਾਂ ਦੇ ਈ-ਮੋਬਿਲਿਟੀ ਚਾਰਜਿੰਗ ਵਿਕਲਪ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਤੋਂ ਇਲਾਵਾ ਕੰਪਨੀ ਕਾਰਾਂ ਦੇ ਲਈ ਦੁਨੀਆ ਦੇ ਸਭ ਤੋਂ ਤੇਜ਼ ਚਾਰਜ਼ਰ ਵੀ ਲੈ ਕੇ ਆ ਰਹੀ ਹੈ ਜਿਸ 'ਚ 8 ਮਿੰਟ ਦੀ ਚਾਰਜਿੰਗ ਨਾਲ ਵਾਹਨ 200 ਕਿਲੋਮੀਟਰ ਤੱਕ ਚੱਲੇਗਾ।
ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਏਬੀਬੀ ਨੇ ਨੀਤੀ ਆਯੋਗ 'ਚ ਤੇਜ਼ ਚਾਰਜਿੰਗ ਸਟੇਸ਼ਨ ਲਾਇਆ ਸੀ। ਪਿਛਲੇ ਮਹੀਨੇ ਸਪਾਈਸਸ਼ਫਰ ਨੇ ਨੀਤੀ ਆਯੋਗ ਦੇ ਸੀਈਓ ਅਮਿਤਾਬ ਕਾਂਤ ਦੇ ਨਾਲ ਇਲੈਕਟ੍ਰਾਨਿਕ ਵਾਹਨਾਂ ਨੂੰ ਬੜਾਵਾ ਦੇਣ ਲਈ ਉੱਨਤ ਕਲ-ਪੁਰਜਿਆਂ ਦੀ ਬਣਾਵਟ 'ਤੇ ਵੀ ਚਰਚਾ ਕੀਤੀ ਸੀ।