ਨਵੀਂ ਦਿੱਲੀ: ਭਾਰਤੀ ਲੋਕਾਂ ਲਈ ਆਧਾਰ ਕਾਰਡ ਵੱਡਾ ਹਊਆ ਬਣਿਆ ਹੋਇਆ ਹੈ। ਬੈਂਕ ਅਕਾਊਂਟ, ਪੈਨ ਕਾਰਡ, ਮੋਬਾਈਲ ਨੰਬਰ, ਐਲਆਈਸੀ ਪਾਲਿਸੀਆਂ ਤੋਂ ਬਾਅਦ ਹੁਣ ਸੋਸ਼ਲ ਮੀਡੀਆਂ ਉੱਪਰ ਚਰਚਾ ਹੈ ਕਿ ਫੇਸਬੁੱਕ ਅਕਾਊਂਟ ਵੀ ਅਧਾਰ ਕਾਰਡ ਨਾਲ ਜੋੜੇ ਜਾਣਗੇ। ਇਸ ਨੂੰ ਲੈ ਕੇ ਅੱਜਕੱਲ੍ਹ ਕਾਫੀ ਚਰਚਾ ਹੈ।

ਉਂਝ, ਅਜੇ ਤੱਕ ਇਹ ਅਫਵਾਹਾਂ ਹੀ ਹਨ। ਇਸ ਬਾਰੇ ਫੇਸਬੁੱਕ ਦਾ ਕਹਿਣਾ ਹੈ ਕਿ ਉਹ ਸ਼ੋਸ਼ਲ ਮੀਡੀਆ ਅਕਾਊਂਟ ਨੂੰ ਆਧਾਰ ਨਾਲ ਨਹੀਂ ਜੋੜ ਰਹੀ ਹੈ ਤੇ ਨਾ ਹੀ ਉਨ੍ਹਾਂ ਦੀ ਅਜਿਹਾ ਕਰਨ ਦੀ ਕੋਈ ਯੋਜਨਾ ਹੈ। ਕੰਪਨੀ ਦਾ ਇਹ ਸਪਸ਼ਟੀਕਰਨ ਅਜਿਹੀਆਂ ਖ਼ਬਰਾਂ ਆਉਣ ਕਿ ਫੇਸਬੁੱਕ ਵੱਲੋਂ ਇੱਕ ਟ੍ਰਾਇਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਫੇਸਬੁੱਕ ਅਕਾਉੂਂਟ ਬਣਾਉਣ ਵੇਲੇ ਲੋਕਾਂ ਤੋਂ ਅਧਾਰ ਦੀ ਜਾਣਕਾਰੀ ਮੰਗੀ ਜਾ ਰਹੀ ਹੈ, ਦੇ ਬਾਅਦ ਆਇਆ ਹੈ।

ਫੇਸਬੁੱਕ ਨੇ ਕਿਹਾ ਹੈ ਕਿ ਇਹ ਟੈਸਟ ਹੁਣ ਮੁਕੰਮਲ ਹੋ ਚੁੱਕਾ ਹੈ। ਇਸ ਵਿੱਚ ਉਨ੍ਹਾਂ ਨੇ ਵਧੀਕ ਟੈਕਸਟ ਸ਼ਾਮਲ ਕੀਤਾ ਹੈ ਜੋ ਚੋਣਵਾਂ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਜੇ ਖਾਤਾਧਾਰਕ ਆਧਾਰ ’ਤੇ ਦਰਜ ਨਾਮ ਨੂੰ ਅਕਾਉੂਂਟ ਬਣਾਉਣ ਵੇਲੇ ਦਰਜ ਕਰੇਗਾ ਤਾਂ ਦੋਸਤਾਂ ਤੇ ਮਿੱਤਰਾਂ ਨੂੰ ਉਨ੍ਹਾਂ ਨੂੰ ਚੇਤੇ ਰੱਖਣ ਵਿੱਚ ਆਸਾਨੀ ਹੋਵੇਗੀ।

ਫੇਸਬੁੱਕ ਦੇ ਬਲਾਗ ਵਿੱਚ ਕਿਹਾ ਗਿਆ ਹੈ ਕਿ ਉਹ ਨਾ ਤਾਂ ਆਧਾਰ ਡਾਟਾ ਇਕੱਠਾ ਕਰ ਰਹੇ ਹਨ ਤੇ ਨਾ ਹੀ ਲੋਕਾਂ ਨੂੰ ਫੇਸਬੁੱਕ ’ਚ ਸਾਈਨਅੱਪ ਕਰਨ ਵੇਲੇ ਅਧਾਰ ’ਤੇ ਦਰਜ ਨਾਂ ਪਾਉਣ ਦੀ ਲੋੜ ਹੈ। ਇਸ ਟੈਸਟ ਦਾ ਉਦੇਸ਼ ਇਹ ਸਮਝਾਉਣਾ ਸੀ ਕਿ ਕਿਵੇਂ ਫੇਸਬੁੱਕ ਵਿੱਚ ਆਪਣੇ ਅਸਲ ਨਾਂ ਨਾਲ ਪਰਿਵਾਰ ਤੇ ਦੋਸਤਾਂ ਨਾਲ ਜੁੜਨ ਲਈ ਸਾਈਨਅੱਪ ਕੀਤਾ ਜਾਵੇ।