ਵੋਡਾਫੋਨ ਇੰਡੀਆ ਨਵੇਂ ਸਾਲ 'ਤੇ ਆਪਣੇ ਗਾਹਕਾਂ ਨੂੰ ਨਵਾਂ ਤੋਹਫਾ ਦੇਣ ਦੀ ਤਿਆਰੀ ਕਰ ਰਿਹਾ ਹੈ। ਵੋਡਾਫੋਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਜਨਵਰੀ ਤੋਂ ਆਪਣੀ ਵੌਇਸ ਓਵਰ ਐੱਲ.ਟੀ.ਈ. (VoLTE) ਸੇਵਾ ਸ਼ੁਰੂ ਕਰ ਦੇਵੇਗਾ।
ਵੋਡਾਫੋਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਸੂਦਰ ਨੇ ਕਿਹਾ ਕਿ ਵੌਇਸ ਓਵਰ ਐੱਲ.ਟੀ.ਈ. (VoLTE) ਦੀ ਪੇਸ਼ਕਸ਼ ਐੱਚ.ਡੀ. ਕਵਾਲਿਟੀ ਕਾਲਿੰਗ ਦੇਵੇਗੀ ਜਿਸ ਨਾਲ ਗ੍ਰਾਹਕਾਂ ਨੂੰ ਹੋਰ ਚੰਗੀ ਸਹੂਲਤ ਮਿਲੇਗੀ। ਭਵਿੱਖ ਦੀ ਤਕਨਾਲੋਜੀ ਨੂੰ ਪੇਸ਼ ਕਰਨ ਦੇ ਰਾਹ 'ਤੇ ਵੋਡਾਫੋਨ VoLTE ਇੱਕ ਖ਼ਾਸ ਕਦਮ ਹੈ।
ਪਹਿਲੇ ਫੇਜ਼ ਵਿੱਚ ਵੋਡਾਫੋਨ VoLTE ਸੇਵਾ ਮੁੰਬਈ, ਦਿੱਲੀ, ਕਰਨਾਟਕ, ਗੁਜਰਾਤ ਅਤੇ ਕੋਲਕਾਤਾ ਵਿੱਚ ਉਪਲਬਧ ਹੋਵੇਗੀ। ਜਲਦ ਹੀ ਇਸ ਨੂੰ ਦੇਸ਼ ਦੇ ਦੂਜੇ ਸੂਬਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਏਅਰਟੈੱਲ ਨੇ ਆਪਣੀ VoLTE ਸਰਵਿਸ ਲਾਂਚ ਕੀਤੀ ਸੀ।
ਖ਼ਾਸ ਗੱਲ ਇਹ ਹੈ ਕਿ ਸਤੰਬਰ 2016 ਵਿੱਚ ਜੀਓ ਨੇ VoLTE ਸੇਵਾ ਸ਼ੁਰੂ ਕੀਤੀ ਸੀ ਅਤੇ ਉਸ ਵੇਲੇ ਜੀਓ ਮੁਲਕ ਵਿੱਚ ਇਹ ਸਰਵਿਸ ਸ਼ੁਰੂ ਕਰਨ ਵਾਲਾ ਪਹਿਲਾ ਨੈੱਟਵਰਕ ਸੀ। ਇਸ ਤੋਂ ਬਾਅਦ ਏਅਰਟੈਲ ਨੇ ਇਹ ਸ਼ੁਰੂ ਕੀਤਾ ਅਤੇ ਹੁਣ ਵੋਡਾਫੋਨ ਵੀ ਕਤਾਰ ਵਿੱਚ ਹੈ।