ਮੁੰਬਈ: ਰਿਲਾਇੰਸ ਜੀਓ ਨੇ ਆਪਣੇ ਸਾਰੇ ਪੋਸਟਪੇਡ ਤੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਜੀਓ ਤੋਂ ਬਾਅਦ ਪ੍ਰਾਈਵੇਟ ਖੇਤਰ ਦੀ ਏਅਰਟੈੱਲ, ਵੋਡਾਫੋਨ, ਆਇਡੀਆ ਤੇ ਏਅਰਸੈੱਲ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਸਕਦੀਆਂ ਹੈ। ਪ੍ਰਾਈਵੇਟ ਖੇਤਰ ਤੋਂ ਇਲਾਵਾ ਟੈਲੀਕਾਮ ਕੰਪਨੀ ਬੀਐਸਐਨਲ ਵੱਲੋਂ ਵੀ ਆਪਣੇ ਪਲਾਨ ਮਹਿੰਗੇ ਕਰਨ ਦੀ ਉਮੀਦ ਹੈ।
ਰਿਲਾਇੰਸ ਜੀਓ ਨੇ ਪਿਛਲੇ ਸਾਲ ਸਤੰਬਰ 'ਚ ਜੀਓ ਸਿਮ ਦੇ ਨਾਲ ਹੀ ਫਰੀ ਇੰਟਰਨੈੱਟ ਪਲਾਨ ਦਾ ਐਲਾਨ ਕੀਤਾ ਸੀ। ਉਹ ਭਾਰਤੀ ਟੈਲੀਕਾਮ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਜਦ ਕੋਈ ਕੰਪਨੀ ਇੰਟਰਨੈੱਟ, ਕਾਲਿੰਗ ਤੇ ਮੈਸੇਜ ਪੂਰੀ ਤਰ੍ਹਾਂ ਫਰੀ ਦੇ ਰਹੀ ਹੋਵੇ। ਇਸ ਤੋਂ ਬਾਅਦ ਸਾਰੀਆਂ ਟੈਲੀਕਾਮ ਕੰਪਨੀਆਂ ਜੀਓ ਤੋਂ ਪਿਛੇ ਹੋਣ ਲੱਗੀਆਂ ਹਨ ਤੇ ਜੀਓ ਦੇ ਮੁਕਾਬਲੇ ਆਇਡੀਆ, ਵੋਡਾਫੋਨ ਤੇ ਏਅਰਟੈਲ ਨੇ ਆਪਣੇ ਪਲਾਨ ਦੀਆਂ ਕੀਮਤਾਂ ਘਟਾਈਆਂ।
ਕਈ ਕੰਪਨੀਆਂ ਜੀਓ ਦੇ ਇਸ ਆਫਰ ਨਾਲ ਇੰਨੀਆਂ ਪ੍ਰਭਾਵਤ ਹੋਈਆਂ ਕਿ ਤਕਰੀਬਨ ਖਤਮ ਹੀ ਹੋ ਗਈਆਂ। ਕਈ ਕੰਪਨੀਆਂ ਨੂੰ ਮਾਰਕੀਟ 'ਚ ਬਣੇ ਰਹਿਣ ਲਈ ਦੂਜੀਆਂ ਕੰਪਨੀਆਂ ਨਾਲ ਜੁੜਨ ਦਾ ਸਹਾਰਾ ਲੈਣਾ ਪਿਆ। ਇਸ ਦੌਰਾਨ ਟੈਲੀਕਾਮ ਇੰਡਸਟਰੀ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆਈਆਂ। ਇਸ 'ਚ ਪਤਾ ਲੱਗਿਆ ਕਿ ਜੀਓ ਫਰੀ ਆਫਰ ਕਾਰਨ ਕਈ ਕੰਪਨੀਆਂ ਨੂੰ ਵੱਡੇ ਘਾਟੇ ਪਏ।
ਹੁਣ ਇੱਕ ਸਾਲ ਬਾਅਦ ਜੀਓ ਨੇ ਅਚਾਨਕ ਹੀ ਆਪਣੇ ਪੋਸਟਪੇਡ ਤੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਜਿਹੇ 'ਚ ਆਮ ਗੱਲ ਹੈ ਕਿ ਜਦੋਂ ਜੀਓ ਨੇ ਰੇਟ ਘਟਾਏ ਸਨ ਤਾਂ ਸਾਰਿਆਂ ਨੇ ਰੇਟ ਘਟਾਏ ਹੁਣ ਜਦੋਂ ਜੀਓ ਰੇਟ ਵਧਾ ਰਿਹਾ ਹੈ ਤਾਂ ਬਾਕੀ ਵੀ ਰੇਟ ਵਧਾਉਣਗੇ।