ਨਵੀਂ ਦਿੱਲੀ: ਟੈਲੀਕੌਮ ਕੰਪਨੀਆਂ ਰਿਲਾਇੰਸ ਜੀਓ ਨੇ ਕੁਝ ਹੀ ਸਮਾਂ ਪਹਿਲਾਂ 4ਜੀ ਫੀਚਰ ਫ਼ੋਨ Jio Phone ਲੌਂਚ ਕੀਤਾ ਸੀ। ਹੁਣ ਖ਼ਬਰ ਹੈ ਕਿ ਇਹ ਫ਼ੋਨ ਚਾਰਜਿੰਗ ਦੌਰਾਨ ਬਲਾਸਟ ਹੋ ਗਿਆ। ਉੱਥੇ ਹੀ, ਸਮਾਰਟਫ਼ੋਨ ਨਿਰਮਾਤਾ ਕੰਪਨੀ ਸੈਮਸੰਗ ਇੰਡੀਆ ਦੇ ਗੈਲੈਕਸੀ ਜੇ7 ਹੈਂਡਸੈੱਟ ਵਿੱਚ ਦਿੱਲੀ ਤੋਂ ਇੰਦੌਰ ਜਾ ਰਹੀ ਜੈੱਟ ਏਅਰਵੇਅਜ਼ ਦੀ ਉਡਾਨ ਦੌਰਾਨ ਅੱਗ ਲੱਗ ਗਈ ਹੈ। ਹਾਲਾਂਕਿ, ਜਹਾਜ਼ ਦੇ ਅਮਲੇ ਨੇ ਇਸ ਹਾਲਾਤ 'ਤੇ ਕਾਬੂ ਪਾ ਲਿਆ।


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਘਟਨਾ ਕਸ਼ਮੀਰ ਵਿੱਚ ਹੋਈ ਹੈ। ਇਸ ਬਾਰੇ ਇੱਕ ਯੂਜ਼ਰ ਨੇ ਟਵੀਟ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ। ਟਵਿੱਟਰ 'ਤੇ ਜੋ ਤਸਵੀਰ ਜਾਰੀ ਕੀਤੀ ਗਈ ਸੀ, ਉਸ ਵਿੱਚ ਫ਼ੋਨ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਪਿਘਲਿਆ ਹੋਇਆ ਸੀ।

ਰਿਲਾਇੰਸ ਰਿਟੇਲ ਦੇ ਇੱਕ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਜੀਓਫ਼ੋਨ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਗਿਆ ਹੈ। ਹਰ ਫ਼ੋਨ ਦੀ ਗੁਣਵੱਤਾ ਦੀ ਵਿਸ਼ੇਸ਼ ਜਾਂਚ ਹੁੰਦੀ ਹੈ। ਉਸ ਨੇ ਇਹ ਕਹਿ ਦਿੱਤਾ ਕਿ ਉਸ ਫ਼ੋਨ ਨੂੰ ਆਪਣੇ ਆਪ ਕੁਝ ਨਹੀਂ ਸੀ ਹੋਇਆ ਬਲਕਿ ਉਸ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਇਆ ਗਿਆ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਲੋੜੀਂਦੀ ਕਾਰਵਾਈ ਕਰਨਗੇ।