ਨਵੀਂ ਦਿੱਲੀ: ਮੋਬਾਈਲ ਕੰਪਨੀ ਏਅਰਟੈੱਲ ਤੇ ਰਿਲਾਇੰਸ ਜੀਓ ਵਿਚਾਲੇ ਘਮਸਾਨ ਜਾਰੀ ਹੈ। ਰਿਲਾਇੰਸ ਜੀਓ ਨੇ ਜਿੱਥੇ ਇੰਟਰਕਨੈਕਸ਼ਨ ਪੁਆਇੰਟ ਦੇਣ ਵਿੱਚ ਕੁਤਾਹੀ ਵਰਤਣ ਉੱਤੇ ਏਅਰਟੈੱਲ ਉੱਤੇ ਦੋ ਕਰੋੜ ਕਾਲ ਡ੍ਰੋਪ ਕਰਨ ਦਾ ਇਲਜ਼ਾਮ ਲਾਇਆ ਹੈ, ਉੱਥੇ ਹੀ ਹੁਣ ਏਅਰਟੈੱਲ ਨੇ ਇਸ ਦਾ ਜਵਾਬ ਦਿੰਦੇ ਹੋਏ ਜੀਓ ਦੇ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ।

ਇੰਟਰਕਨੈਕਸ਼ਨ ਪੁਆਇੰਟ ਉਹ ਏਰੀਆ ਹੈ ਜਿਸ ਕਾਰਨ ਇੱਕ ਨੈੱਟਵਰਕ ਤੋਂ ਦੂਜੇ ਨੈੱਟਵਰਕ ਉੱਤੇ ਕਾਲ ਪੂਰੀ ਹੁੰਦੀ ਹੈ। ਇਸ ਮੁੱਦੇ ਉੱਤੇ ਦੋਵਾਂ ਕੰਪਨੀਆਂ ਵਿੱਚ ਵਿਵਾਦ ਹੋਣ ਤੋਂ ਬਾਅਦ 13 ਸਤੰਬਰ ਨੂੰ ਏਅਰਟੈੱਲ ਨੇ ਆਖਿਆ ਸੀ ਕਿ ਉਹ ਵਾਧੂ ਇੰਟਰਕਨੈਕਸ਼ਨ ਪੁਆਇੰਟ ਮੁਹੱਈਆ ਕਰਵਾ ਰਹੀ ਹੈ। ਇਸ ਨਾਲ ਕਨੈੱਕਸ਼ਨ ਦੀ ਸਮਰੱਥਾ ਤਿੰਨ ਗੁਣਾ ਵਧ ਜਾਵੇਗੀ। 17 ਸਤੰਬਰ ਨੂੰ ਬਿਆਨ ਜਾਰੀ ਕਰਕੇ ਏਅਰਟੈੱਲ ਨੇ ਆਖਿਆ ਕਿ ਸਮਝੌਤੇ ਅਨੁਸਾਰ ਇੰਟਰਕਨੈੱਕਸ਼ਨ ਪੁਆਇੰਟ ਪੂਰੀ ਤਰ੍ਹਾਂ ਲਾਗੂ ਕਰਨ ਲਈ 90 ਦਿਨਾਂ ਦਾ ਸਮਾਂ ਹੋਰ ਚਾਹੀਦਾ ਹੈ।

ਦੂਜੇ ਪਾਸੇ ਜੀਓ ਦਾ ਕਹਿਣਾ ਹੈ ਕਿ ਏਅਰਟੈੱਲ ਨੇ ਜ਼ਿਆਦਾ ਸਮਾਂ ਮੰਗਿਆ ਹੈ। ਇਸ ਨਾਲ ਉਸ ਦੀ ਸੇਵਾ ਪ੍ਰਭਾਵਤ ਹੋਵੇਗੀ। ਜੀਓ ਅਨੁਸਾਰ ਹਾਲਤ ਇਹ ਹੈ ਕਿ ਜੀਓ ਤੋਂ ਏਅਰਟੈੱਲ ਉੱਤੇ ਉਸ ਦੀਆਂ ਦੋ ਕਰੋੜ ਕਾਲਾਂ ਡ੍ਰੋਪ ਹੋ ਰਹੀਆਂ ਹਨ ਜੋ ਟਰਾਈ ਦੇ ਨਿਯਮਾਂ ਖ਼ਿਲਾਫ਼ ਹੈ। ਜੀਓ ਅਨੁਸਾਰ ਟਰਾਈ ਨੇ ਹੁਕਮ ਦਿੱਤਾ ਹੈ ਕਿ ਛੇਤੀ ਤੋਂ ਛੇਤੀ ਇੰਟਰਕਨੈਕਸ਼ਨ ਪੁਆਇੰਟ ਮੁਹੱਈਆ ਕਰਵਾਏ ਜਾਣ।

ਦੂਜੇ ਪਾਸੇ ਜੀਓ ਖ਼ਿਲਾਫ਼ ਹੁਣ ਏਅਰਟੈੱਲ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਏਅਰਟੈੱਲ ਅਨੁਸਾਰ ਸੇਵਾ ਪ੍ਰਭਾਵਿਤ ਲਈ ਖ਼ੁਦ ਜੀਓ ਹੀ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਜੀਓ ਲਗਾਤਾਰ ਬਿਆਨਬਾਜ਼ੀ ਕਰਕੇ ਆਪਣੀ ਤਕਨੀਕੀ ਖ਼ਾਮੀਆਂ ਦੀ ਲੀਪਾਪੋਚੀ ਕਰ ਰਿਹਾ ਹੈ।

ਇਸ ਦੇ ਨਾਲ ਹੀ ਜੀਓ ਨੇ ਇੱਕ ਹੋਰ ਦੋਸ਼ ਲਗਾਇਆ ਹੈ ਕਿ ਏਅਰਟੈੱਲ ਨੰਬਰ ਪੋਰਟ ਕਰਵਾਉਣ ਤੋਂ ਆਪਣੇ ਗ੍ਰਾਹਕਾਂ ਨੂੰ ਰੋਕ ਰਿਹਾ ਹੈ। ਇਸ ਉੱਤੇ ਏਅਰਟੈੱਲ ਨੇ ਆਖਿਆ ਹੈ ਕਿ ਜੇਕਰ ਕੋਈ ਗਾਹਕ ਨੰਬਰ ਪੋਰਟ ਕਰਵਾ ਕੇ ਦੂਜੀ ਕੰਪਨੀ ਵਿੱਚ ਜਾ ਰਿਹਾ ਹੈ ਤਾਂ ਉਸ ਨੂੰ ਉਸ ਵੱਲੋਂ ਨਹੀਂ ਰੋਕਿਆ ਜਾ ਰਿਹਾ।