ਨਵੀਂ ਦਿੱਲੀ: ਮੋਬਾਈਲ ਇੰਟਰਕੁਨੈਕਸ਼ਨ ਵਰਤੋਂ ਫ਼ੀਸ (ਆਈ.ਯੂ.ਸੀ.) ਦੇ ਮੁੱਦੇ 'ਤੇ ਦੂਰਸੰਚਾਰ ਕੰਪਨੀਆਂ ਭਾਰਤੀ ਏਅਰਟੈੱਲ ਤੇ ਵੋਡਾਫ਼ੋਨ ਨੇ ਆਈ.ਯੂ.ਸੀ. ਵਿੱਚ ਕਟੌਤੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਤੋਂ ਕੰਪਨੀਆਂ ਦੀ ਵਿੱਤੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਉੱਥੇ ਰਿਲਾਇੰਸ ਜੀਓ ਨੇ ਇਨ੍ਹਾਂ ਦਾਅਵਿਆਂ ਨੂੰ ਗ਼ਲਤ ਦੱਸਦਿਆਂ ਘਟਦੀ ਲਾਗਤ ਦਾ ਫ਼ਾਇਦਾ ਗਾਹਕਾਂ ਨੂੰ ਦੇਣ ਦੀ ਗੱਲ ਕਹੀ।


ਦੂਰਸੰਚਾਰ ਕੰਟਰੋਲਰ ਟਰਾਈ ਦੇ ਚੇਅਰਮੈਨ ਆਰਐਸ ਸ਼ਰਮਾ ਨੇ ਇਸ ਫ਼ੀਸ ਵਿੱਚ ਕਟੌਤੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਲਾਗਤ ਦੀ ਗਿਣਤੀ ਵਿਗਿਆਨਕ ਢੰਗ ਨਾਲ ਕੀਤੀ ਗਈ ਸੀ ਜਿਸ ਨਾਲ ਕਿਸੇ ਕੰਪਨੀ ਨੂੰ ਵਿਸ਼ੇਸ਼ ਨੁਕਸਾਨ ਪਹੁੰਚਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ਰਮਾ ਨੇ ਕਿਹਾ ਕਿ ਟਰਾਈ ਨੇ ਆਈ.ਯੂ.ਸੀ. ਨੂੰ 14 ਪੈਸੇ ਤੋਂ ਘਟਾ ਕੇ 6 ਪੈਸੇ ਪ੍ਰਤੀ ਮਿੰਟ ਕਰ ਦਿੱਤਾ ਹੈ। ਟਰਾਈ ਨੇ ਇਹ ਵੀ ਕਿਹਾ ਕਿ ਜਨਵਰੀ 2020 ਤੋਂ ਇਹ ਫ਼ੀਸ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਜਾਵੇਗੀ।

ਏਅਰਟੈੱਲ ਤੇ ਵੋਡਾਫ਼ੋਨ ਨੇ ਇਸ ਕਦਮ ਨੂੰ ਗ਼ੈਰ ਪਾਰਦਰਸ਼ੀ ਤੇ ਜੀਓ ਦਾ ਨਾਂ ਲਏ ਤੋਂ ਬਗ਼ੈਰ ਨਵੀਂ ਕੰਪਨੀ ਨੂੰ ਲਾਭ ਪਹੁੰਚਾਉਣ ਵਾਲਾ ਦੱਸਿਆ। ਦੋਵਾਂ ਕੰਪਨੀਆਂ ਨੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਦੂਰਸੰਚਾਰ ਸਨਅਤ ਦੀ ਹਾਲਤ ਹੋਰ ਵਿਗੜ ਜਾਵੇਗੀ।