ਨਵੀਂ ਦਿੱਲੀ: ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਬਾਈਲ ਸੇਵਾ ਦੀਆਂ ਮੌਜੂਦਾ ਦਰਾਂ ਹੁਣ ਦੂਰ ਸੰਚਾਰ ਉਦਯੋਗ ਲਈ ਵਿਵਹਾਰਕ ਨਹੀਂ ਹਨ, ਉਨ੍ਹਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਏਅਰਟੈਲ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਗਜ਼ੀਕਿਊਟਿਵ ਅਫਸਰ (ਭਾਰਤ ਤੇ ਦੱਖਣੀ ਏਸ਼ੀਆ), ਗੋਪਾਲ ਵਿੱਠਲ ਨੇ ਰਿਲਾਇੰਸ ਜੀਓ ਦੀਆਂ ਵਾਈਸ ਕਾਲਾਂ ਲਈ 6 ਪੈਸੇ ਪ੍ਰਤੀ ਮਿੰਟ ਦੀ ਕੀਮਤ ਵਸੂਲਣ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇੰਟਰਕਨੈਕਸ਼ਨ ਵਰਤੋਂ ਖਰਚੇ (ਆਈਯੂਸੀ) ਟੈਰਿਫ ਦਾ ਹਿੱਸਾ ਨਹੀਂ, ਬਲਕਿ ਇਹ ਇੱਕ ਨੈੱਟਵਰਕ ਤੋਂ ਦੂਜੇ ਨੈੱਟਵਰਕ 'ਤੇ ਕਾਲ ਭੇਜਣ (ਟ੍ਰਾਂਸਮਿਟ ਕਰਨ) ਦੀ ਕੀਮਤ ਹੈ, ਜਿਸ ਦਾ ਭੁਗਤਾਨ ਦੂਰਸੰਚਾਰ ਕੰਪਨੀਆਂ ਦੇ ਆਪਸ ਵਿੱਚ ਹੋ ਜਾਂਦਾ ਹੈ।


ਹਾਲਾਂਕਿ, ਜੀਓ ਨੇ ਕਿਹਾ ਹੈ ਕਿ ਉਹ ਗਾਹਕਾਂ ਤੋਂ ਲਈ ਇਸ ਫੀਸ ਦੀ ਭਰਪਾਈ ਲਈ ਬਰਾਬਰ ਮੁੱਲ ਦੀ ਮੁਫਤ ਡੇਟਾ ਦੇਵੇਗਾ। ਵਿੱਠਲ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਮੋਬਾਈਲ ਸੇਵਾਵਾਂ ਦੀਆਂ ਮੌਜੂਦਾ ਦਰਾਂ ਘੱਟ ਹਨ ਤੇ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ। ਅਸੀਂ ਹਮੇਸ਼ਾਂ ਇਸਦੇ ਹੱਕ ਵਿੱਚ ਖੜ੍ਹੇ ਹਾਂ।'


ਰਿਲਾਇੰਸ ਜੀਓ ਦੇ ਇਸ ਕਦਮ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਆਈਯੂਸੀ ਦਾ ਟੈਰਿਫ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਇਕ ਨੈੱਟਵਰਕ ਤੋਂ ਦੂਜੇ ਨੈੱਟਵਰਕ 'ਤੇ ਕਾਲ ਭੇਜਣ ਦੀ ਕੀਮਤ ਹੈ। ਇਹ ਦੂਰਸੰਚਾਰ ਕੰਪਨੀਆਂ ਵਿਚਾਲੇ ਲੈਣ-ਦੇਣ ਦਾ ਮਾਮਲਾ ਹੈ, ਇਸ ਦਾ ਨਿਬੇੜਾ ਕੰਪਨੀਆਂ ਵਿਚਾਲੇ ਹੁੰਦਾ ਹੈ। ਪਿਛਲੇ 20 ਸਾਲਾਂ ਤੋਂ ਆਈਯੂਸੀ ਕੰਪਨੀਆਂ ਭਗਤਾਉਂਦੀਆਂ ਆ ਰਹੀਆਂ ਹਨ।'


ਵਿੱਠਲ ਨੇ ਕਿਹਾ ਕਿ ਨਿਲਾਮੀ ਦੇ ਅਗਲੇ ਗੇੜ ਲਈ ਪ੍ਰਸਤਾਵਿਤ ਸਪੈਕਟ੍ਰਮ ਦੀ ਕੀਮਤ ਵੀ ਬਹੁਤ ਜ਼ਿਆਦਾ ਤੇ ਕਫਾਇਤੀ ਨਹੀਂ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਪ੍ਰੋਗਰਾਮ ਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਦੂਰਸੰਚਾਰ ਉਦਯੋਗ ਨੂੰ ਮੁੜ ਸਥਾਪਤ ਕਰਨ ਤੇ ਮਜ਼ਬੂਤ ਕਰਨ ਦੀ ਲੋੜ ਹੈ।