ਚੰਡੀਗੜ੍ਹ: ਭਾਰਤੀ ਟੈਲੀਕਾਮ ਉਦਯੋਗ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹਾਲਾਂਕਿ ਇਹ ਬਦਲਾਅ ਸਿਰਫ਼ ਵੋਡਾਫੋਨ-ਆਈਡੀਆ ਤੇ ਏਅਰਟੈਲ ਦੇ ਗਾਹਕਾਂ ਲਈ ਹੀ ਹੈ। ਦਰਅਸਲ ਇਹ ਤਿੰਨੇ ਕੰਪਨੀਆਂ ਨੇ ਆਪਣੇ ਗਾਹਕਾਂ ਲਈ ਘੱਟੋ-ਘੱਟ ਮਹੀਨਾਵਾਰ ਪਲਾਨ ਸ਼ੁਰੂ ਕੀਤਾ ਹੈ। ਹਰ ਗਾਹਕ ਨੂੰ ਆਪਣਾ ਨੰਬਰ ਚਾਲੂ ਰੱਖਣ ਲਈ ਇਹ ਰਿਚਾਰਜ ਕਰਾਉਣਾ ਜ਼ਰੂਰੀ ਹੈ। ਇਸ ਲਈ ਹਰ ਮਹੀਨੇ 35 ਰੁਪਏ ਖਰਚਣੇ ਪੈਣਗੇ।

ਰਿਚਾਰਜ ਕਰਾਉਣਾ ਕਿਉਂ ਜ਼ਰੂਰੀ?

ਦਰਅਸਲ ਅੱਜਕਲ੍ਹ ਹਰ ਕੋਈ ਦੋ ਸਿੰਮਾਂ ਵਾਲਾ ਫੋਨ ਵਰਤ ਰਿਹਾ ਹੈ। ਲੋਕ ਇੱਕ ਸਿੰਮ ਵਿੱਚ ਤਾਂ ਰਿਚਾਰਜ ਕਰਵਾ ਲੈਂਦੇ ਹਨ, ਪਰ ਦੂਜੀ ਸਿੰਮ ਨੂੰ ਚਾਲੂ ਰੱਖਣ ਲਈ ਉਸ ਵਿੱਚ 10 ਕੁ ਰੁਪਏ ਦਾ ਰਿਚਾਰਜ ਕਰਵਾ ਛੱਡਦੇ ਹਨ। ਇਸ ਨਾਲ ਦੂਜੀ ਸਿੰਮ ਵਾਲੀਆਂ ਕੰਪਨੀਆਂ ਦੀ ਕਮਾਈ ਘਟ ਜਾਂਦੀ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਸਿਰਫ 2G ਨੈੱਟਵਰਕ ਵਰਤ ਰਹੇ ਗਾਹਕਾਂ ਲਈ ਹੀ ਅਜਿਹਾ ਕੀਤਾ ਹੈ। ਇਸ ਕਾਰਨ ਦੇ ਇਲਾਵਾ 2G ਗਾਹਕਾਂ ਦੀ ਗਿਣਤੀ ਘਟਾਉਣ ਤੇ 4G ਗਾਹਕਾਂ ਦੀ ਗਿਣਤੀ ਵਧਾਉਣ ਲਈ ਵੀ ਇਹ ਕਦਮ ਚੁੱਕਿਆ ਗਿਆ ਹੈ।

ਅੱਜਕਲ੍ਹ ਸਸਤਾ ਡੇਟਾ ਤੇ ਫ੍ਰੀ ਆਊਟਗੋਇੰਗ ਕਾਲਾਂ ਮਿਲਣ ਕਰਕੇ ਗਾਹਕ ਆਪਣੇ ਨੰਬਰ ’ਤੇ ਰਿਚਾਰਜ ਹੀ ਨਹੀਂ ਕਰਾਉਂਦੇ, ਜਿਸ ਕਾਰਨ ਵੀ ਕੰਪਨੀਆਂ ਦਾ ਮਾਲੀਆ ਘਟ ਰਿਹਾ ਹੈ। ਇਸੇ ਵਜ੍ਹਾ ਕਰਕੇ ਕੰਪਨੀਆਂ ‘ਮਿਨੀਮਮ ਮੰਥਲੀ ਪਲਾਨ’ ਰਾਹੀਂ ਕਮਾਈ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਘੱਟੋ-ਘੱਟ 35 ਰੁਪਏ ਦਾ ਰਿਚਾਰਜ ਕਰਾਉਣਾ ਜ਼ਰੂਰੀ

ਮੀਡੀਆ ਰਿਪੋਰਟਾਂ ਮੁਤਾਬਕ ਏਅਰਟੈਲ ਦੇ 10 ਕਰੋੜ ਤੇ ਵੋਡਾਫੋਨ-ਆਈਡੀਆ ਦੇ 15 ਕਰੋੜ ਗਾਹਕ ਹਰ ਮਹੀਨੇ 35 ਰੁਪਏ ਤੋਂ ਵੀ ਘੱਟ ਦਾ ਰਿਚਾਰਜ ਕਰਵਾਉਂਦੇ ਹਨ। ਇਸ ਲਈ ਇਨ੍ਹਾਂ ਕੰਪਨੀਆਂ ਨੇ ਆਪਣੇ ਮਿਨੀਮਮ ਮੰਥਲੀ ਪਲਾਨ ਦੀ ਵੀ 35 ਰੁਪਏ ਤੋਂ ਹੀ ਸ਼ੁਰੂਆਤ ਕੀਤੀ ਹੈ। ਇਸ ਲਈ ਇਨ੍ਹਾਂ ਕੰਪਨੀਆਂ ਦੇ ਗਾਹਕਾਂ ਨੂੰ ਇਸ ਪਲਾਨ ਦਾ ਰਿਚਾਰਜ ਕਰਵਾਉਣਾ ਲਾਜ਼ਮੀ ਹੈ। ਇਸ ਵਿੱਚ ਗਾਹਕ ਨੂੰ 26 ਰੁਪਏ ਦਾ ਟਾਕਟਾਈਮ ਤੇ 100MB ਡੇਟਾ ਦਿੱਤਾ ਜਾਏਗਾ। ਕਾਲ ਲਈ ਇੱਕ ਪੈਸਾ ਪ੍ਰਤੀ ਸੈਕਿੰਡ ਵਸੂਲ ਕੀਤਾ ਜਾਏਗਾ।

ਇਸ ਪਲਾਨ ਤੋਂ ਇਲਾਵਾ ਕੰਪਨੀ ਨੇ 100 ਦੇ ਅੰਦਰ ਹੋਰ ਪਲਾਨ ਵੀ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ 65 ਤੇ 95 ਰੁਪਏ ਦ ਪਲਾਨ ਸ਼ਾਮਲ ਹੈ। ਸਾਰੇ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਣਗੇ। ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਗਾਹਕ ਇਹ ਰਿਚਾਰਜ ਨਹੀਂ ਕਰਵਾਉਣਗੇ ਤਾਂ 15 ਦਿਨਾਂ ਬਾਅਦ ਇਨਕਮਿੰਗ ਕਾਲਾਂ ਤੇ 90 ਦਿਨਾਂ ਬਾਅਦ ਗਾਹਕ ਦਾ ਨੰਬਰ ਵੀ ਬੰਦ ਕਰ ਦਿੱਤਾ ਜਾਏਗਾ।