ਚੰਡੀਗੜ੍ਹ: ਏਅਰਟੈਲ ਨੇ ਕੋਲਕਾਤਾ ਤੋਂ ਆਪਣੇ 3G ਨੈੱਟਵਰਕ ਨੂੰ ਬੰਦ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਮਾਰਚ 2020 ਤਕ ਦੇਸ਼ ਭਰ ਵਿੱਚ ਆਪਣੀ 3G ਸੇਵਾ ਬੰਦ ਕਰ ਦੇਵੇਗੀ। ਦੇਸ਼ ਵਿੱਚ 2G ਮਗਰੋਂ 3G ਸੇਵਾ ਨੇ ਇੰਟਰਨੈੱਟ ਦੀ ਰਫਤਾਰ ਕਾਫੀ ਤੇਜ਼ ਸੀ ਤੇ ਭਾਰਤ ਵਿੱਚ ਇਹੋ ਪਹਿਲੀ ਤੇਜ਼ ਇੰਟਰਨੈੱਟ ਸੇਵਾ ਸੀ।


ਦਰਅਸਲ, ਏਅਰਟੈੱਲ ਦਾ ਦਾਅਵਾ ਹੈ ਕਿ ਦੇਸ਼ ਦੇ ਹਰ ਕੋਨੇ ਵਿੱਚ ਹੁਣ 4ਜੀ ਨੈੱਟਵਰਕ ਸੇਵਾ ਉਪਲਬਧ ਹੈ। ਦੇਸ਼ ਵਿੱਚ ਸਭ ਤੋਂ ਪਹਿਲਾਂ ਇਹ ਸੇਵਾ ਜੀਓ ਵੱਲੋਂ ਸ਼ੁਰੂ ਕੀਤੀ ਗਈ ਸੀ, ਇਸ ਤੋਂ ਬਾਅਦ ਏਅਰਟੈਲ, ਵੋਡਾਫੋਨ ਤੇ ਹੋਰ ਕੰਪਨੀਆਂ ਨੇ ਵੀ ਇਹ ਸੇਵਾ ਸ਼ੁਰੂ ਕੀਤੀ। ਹੁਣ 3G ਨੈਟਵਰਕ ਨੂੰ ਬੰਦ ਕਰਨ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।


ਭਾਰਤੀ ਏਅਰਟੈਲ (ਭਾਰਤ ਤੇ ਦੱਖਣੀ ਏਸ਼ੀਆ) ਦੇ ਸੀਈਓ ਗੋਪਾਲ ਵਿੱਠਲ ਨੇ ਕਿਹਾ ਕਿ ਉਨ੍ਹਾਂ ਜੂਨ ਤਿਮਾਹੀ ਵਿੱਚ ਕੋਲਕਾਤਾ 'ਚ 3G ਨੈਟਵਰਕ ਨੂੰ ਬੰਦ ਕਰਨ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸਤੰਬਰ ਤਕ 6-7 ਹੋਰ ਖੇਤਰਾਂ ਵਿੱਚ ਇਹ ਸੇਵਾ ਬੰਦ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦਸੰਬਰ ਤੋਂ ਮਾਰਚ (2020) ਦੇ ਵਿਚਕਾਰ 3G ਨੈਟਵਰਕ ਪੂਰੇ ਦੇਸ਼ ਵਿੱਚ ਬੰਦ ਕਰ ਦਿੱਤਾ ਜਾਏਗਾ। ਜੇ ਕੋਈ ਗਾਹਕ 2G ਤੋਂ 4G ਨੈਟਵਰਕ 'ਤੇ ਆਉਂਦਾ ਹੈ ਤਾਂ ਕੰਪਨੀ ਉਸ ਨੂੰ ਅਪਗ੍ਰੇਡਿੰਗ ਵਜੋਂ ਵੇਖਦੀ ਹੈ। ਅਪਰੈਲ 2020 ਤਕ ਕੰਪਨੀ ਕੋਲ ਸਿਰਫ 2G ਜਾਂ 4G ਸਪੈਕਟ੍ਰਮ ਹੀ ਹੋਏਗਾ।


ਕੋਲਕਾਤਾ ਵਿੱਚ 3G ਸੇਵਾ ਬੰਦ ਹੋਣ ਤੋਂ ਬਾਅਦ ਯੂਜ਼ਰਸ ਨੂੰ L900 ਟੈਕਨਾਲੋਜੀ ਨਾਲ ਹਾਈ ਸਪੀਡ 4G ਸਰਵਿਸ ਮਿਲੇਗੀ। ਇਹ ਇੱਕ ਟੈਕਨਾਲੋਜੀ ਹੈ, ਜਿੱਥੇ ਉਪਭੋਗਤਾ ਭੀੜ ਵਾਲੀਆਂ ਥਾਵਾਂ, ਬੇਸਮੈਂਟ, ਬਾਜ਼ਾਰਾਂ, ਦਫਤਰਾਂ ਤੇ ਮਾਲ ਵਿੱਚ ਵੀ ਬਿਹਤਰੀਨ ਨੈਟਵਰਕ ਦਾ ਆਨੰਦ ਮਾਣ ਸਕਣਗੇ। ਜਾਣਕਾਰੀ ਮੁਤਾਬਕ ਏਅਰਟੈਲ ਨੇ ਕੰਪਨੀ ਨੂੰ ਲਗਾਤਾਰ ਹੋ ਰਹੇ ਘਾਟੇ ਕਰਕੇ ਇਹ ਫੈਸਲਾ ਲਿਆ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਕੰਪਨੀ ਨੂੰ 2,866 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।