ਚੰਡੀਗੜ੍ਹ: ਭਾਰਤੀ ਏਅਰਟੈਲ ਦੇ 5 ਤੋਂ 7 ਕਰੋੜ ਗਾਹਕ ਘੱਟ ਹੋ ਸਕਦੇ ਹਨ। ਕੰਪਨੀ ਨੇ ਆਪ ਹੀ ਆਪਣੇ ਪੈਰ ’ਤੇ ਕੁਹਾੜਾ ਮਾਰਿਆ ਹੈ। ਦਰਅਸਲ ਏਅਰਟੈਲ ਨੇ ਪਹਿਲੀ ਦਸੰਬਰ ਤੋਂ ਮਿਨੀਮਮ ਮੰਥਲੀ ਪਲਾਨ ਸ਼ੁਰੂ ਕੀਤਾ ਸੀ, ਜਿਸ ਤਹਿਤ ਗਾਹਕਾਂ ਨੂੰ ਆਪਣਾ ਨੰਬਰ ਚਾਲੂ ਰੱਖਣ ਜਾਂ ਇੰਨਕਮਿੰਗ ਕਾਲ ਲਈ ਹਰ ਮਹੀਨੇ ਘੱਟੋ-ਘੱਟ 35 ਰੁਪਏ ਦਾ ਰਿਚਾਰਜ ਕਰਾਉਣਾ ਜ਼ਰੂਰੀ ਹੈ। ਹੁਣ ‘ਦ ਹਿੰਦੀ ਬਿਜ਼ਨੈਸਲਾਈਨ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪਲਾਨ ਦੀ ਵਜ੍ਹਾ ਕਰਕੇ ਏਅਰਟੈਲ ਦੇ 5-7 ਕਰੋੜ ਗਾਹਕ ਘਟਣ ਦੀ ਸੰਭਵਨਾ ਹੈ।
ਕੰਪਨੀ ਨੂੰ ਇਸ ਘਾਟੇ ਨਾਲ ਨਹੀਂ ਪੈਂਦਾ ਫਰਕ
ਇਸ ਮਾਮਲੇ ਵਿੱਚ ਏਅਰਟੈਲ ਨੇ ਕਿਹਾ ਹੈ ਕਿ ਮਿਨੀਮਮ ਮੰਥਲੀ ਪਲਾਨ ਦੀ ਵਜ੍ਹਾ ਨਾਲ ਜੇ ਗਾਹਕ ਘਟਦੇ ਹਨ, ਤਾਂ ਵੀ ਕੰਪਨੀ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਏਗਾ। ਕੰਪਨੀ ਮੁਤਾਬਕ ਜੋ ਵੀ ਜਿਹੜੇ ਗਾਹਕ ਕੰਪਨੀ ਤੋਂ ਕਿਨਾਰਾ ਕਰ ਰਹੇ ਹਨ, ਉਨ੍ਹਾਂ ਕੋਲ ਲਾਈਫਟਾਈਮ ਵੈਲਿਡਿਟੀ ਵਾਲਾ ਪਲਾਨ ਸੀ। ਇਸ ਵਿੱਚ ਉਹ ਸਿਰਫ ਆਉਣ ਵਾਲੀਆਂ ਕਾਲਾਂ ਲਈ ਹੀ ਸਰਵਿਸ ਵਰਤ ਰਹੇ ਸੀ, ਜਾਣ ਵਾਲੀਆਂ ਕਾਲਾਂ ਲਈ ਨਹੀਂ। ਇਸ ਹਿਸਾਬ ਨਾਲ ਗਾਹਕ ਕੰਪਨੀ ਦਾ ਨੈਟਵਰਕ ਤਾਂ ਵਰਤ ਰਹੇ ਸੀ, ਪਰ ਕੰਪਨੀ ਨੂੰ ਕੋਈ ਪੈਸਾ ਨਹੀਂ ਦੇ ਰਹੇ ਸੀ। ਇਸ ਲਈ ਇਨ੍ਹਾਂ ਦਾ ਹੋਣਾ ਜਾਂ ਨਾ ਹੋਣਾ ਕੰਪਨੀ ਲਈ ਇੱਕ ਬਰਾਬਰ ਹੀ ਹੈ।
ਗਾਹਕ ਘਟਣ ਨਾਲ ਵੀ ਕੰਪਨੀ ਦਾ ਫਾਇਦਾ
ਏਅਰਟੈਲ ਦਾ ਕਹਿਣਾ ਹੈ ਕਿ ਜਿਹੜੇ ਗਾਹਕ ਉਨ੍ਹਾਂ ਦੇ ਨੈਟਵਰਕ ਦਾ ਮੁਫ਼ਤ ਇਸਤੇਮਾਲ ਕਰ ਰਹੇ ਸੀ, ਉਨ੍ਹਾਂ ਦੇ ਹਟਣ ਨਾਲ ਨੈੱਟਵਰਕ ਤੋਂ ਬੋਝ ਹਲਕਾ ਹੋਏਗਾ। ਕੰਪਨੀ ਨੂੰ ਇਸ ਦਾ ਇਹ ਫਾਇਦਾ ਹੋਏਗਾ ਕਿ ਜਿਹੜੇ ਲੋਕ ਪੈਸੇ ਦੇ ਕੇ ਸੇਵਾ ਲੈ ਰਹੇ ਹਨ, ਉਨ੍ਹਾਂ ਨੂੰ ਵਧੀਆ ਨੈਟਵਰਕ ਮਿਲ ਸਕੇਗਾ। ਇਸ ਤੋਂ ਇਲਾਵਾ ਇਨ੍ਹਾਂ ਗਾਹਕਾਂ ਦੇ ਜਾਣ ਨਾਲ ਕੰਪਨੀ ਦਾ ਐਵਰੇਜ ਰੈਵੇਨਿਊ ਪਰ ਯੂਜ਼ਰ (ARPU) ਵਿੱਚ ਵੀ ਇਜ਼ਾਫ਼ਾ ਹੋਏਗਾ।