ਨਵੀਂ ਦਿੱਲੀ: ਟੈਲੀਕਾਮ ਆਪ੍ਰੇਟਰ ਏਅਰਟੈੱਲ ਨੇ ਗਣਤੰਤਰ ਦਿਵਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਰੀਚਾਰਜ ਪਲਾਨ ਉਤਾਰੇ ਹਨ। ਜੀਓ ਦੇ 98 ਰੁਪਏ ਵਾਲੇ ਰੀਚਾਰਜ ਪਲਾਨ ਦਾ ਜਵਾਬ ਦੇਣ ਲਈ ਏਅਰਟੈੱਲ ਨੇ 93 ਰੁਪਏ ਵਿੱਚ 28 ਦਿਨਾਂ ਦੀ ਵੈਲੀਡਿਟੀ ਦਾ ਰਿਚਾਰਜ ਪਲਾਨ ਪੇਸ਼ ਕੀਤਾ ਹੈ।
ਏਅਰਟੈੱਲ ਦੇ 93 ਰੁਪਏ ਦੇ ਰੀਚਾਰਜ ਵਿੱਚ ਉਪਭੋਗਤਾ ਨੂੰ 1 ਜੀ.ਬੀ. ਡੇਟਾ ਵੀ ਮੁਫਤ ਮਿਲੇਗਾ। ਹਾਲਾਂਕਿ, ਏਅਰਟੈੱਲ ਵੱਲੋਂ ਪਲੈਨ ਦੀ ਕਾਲਿੰਗ ਤੇ ਮੈਸੇਜ ਸੇਵਾ 'ਤੇ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਇਸ ਰੀਚਾਰਜ ਪੈਕ ਵਿੱਚ ਤੁਹਾਨੂੰ ਹਰ ਰੋਜ਼ 100 ਮੈਸੇਜ ਭੇਜਣ ਦੀ ਸੁਵਿਧਾ ਤਾਂ ਮਿਲੇਗੀ, ਪਰ ਕਾਲਿੰਗ 'ਤੇ ਵੀ ਕੁਝ ਸੀਮਾਵਾਂ ਤੈਅ ਕੀਤੀਆਂ ਗਈਆਂ ਹਨ। ਏਅਰਟੈੱਲ ਯੂਜ਼ਰਜ਼ ਇਸ ਰੀਚਾਰਜ ਪਲਾਨ ਵਿੱਚ ਇੱਕ ਦਿਨ ਵਿੱਚ 250 ਮਿੰਟ ਤੇ ਇੱਕ ਹਫਤੇ ਵਿੱਚ 1000 ਮਿੰਟ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦੇ।
ਗਣਤੰਤਰ ਦਿਵਸ ਮੌਕੇ ਜੀਓ ਨੇ ਨਵੇਂ ਡੇਟਾ ਪਲਾਨ ਪੇਸ਼ ਕੀਤੇ ਸਨ। ਜੀਓ ਨੇ 98 ਰੁਪਏ ਦਾ ਨਵਾਂ ਪਲਾਨ ਪੇਸ਼ ਕਰਦਿਆਂ ਉਪਭੋਗਤਾਵਾਂ ਨੂੰ 2 ਜੀ.ਬੀ. ਡੇਟਾ ਤੇ ਅਸੀਮਤ ਕਾਲਿੰਗ ਦੇਣ ਦਾ ਏਲਾਨ ਕੀਤਾ ਸੀ। ਇਸ ਦੇ ਜਵਾਬ ਵਿੱਚ ਏਅਰਟੈੱਲ ਰੋਜ਼ਾਨਾ 1 ਜੀ.ਬੀ. ਡੇਟਾ ਤੇ ਅਸੀਮਤ ਕਾਲਿੰਗ ਦਾ ਫਾਇਦਾ ਦੇ ਰਿਹਾ ਹੈ।