ਨਵੀਂ ਦਿੱਲੀ: ਸ਼ਾਓਮੀ ਭਾਰਤ ਵਿੱਚ ਸਭ ਤੋਂ ਵੱਧ ਸਮਾਰਟਫ਼ੋਨ ਵੇਚਣ ਵਾਲੀ ਕੰਪਨੀ ਹੈ ਅਤੇ ਹੁਣ ਇਹ ਕੰਪਨੀ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੂੰ ਵੀ ਆਪਣੀ ਗਾਹਕ ਸੂਚੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਟਵੀਟ ਕੀਤਾ ਸੀ ਕਿ ਉਨ੍ਹਾਂ ਦਾ ਸੈਮਸੰਗ ਗੈਲਕਸੀ ਐਸ9 ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਅਤੇ ਉਨ੍ਹਾਂ ਲੋਕਾਂ ਤੋਂ ਇਸ ਸਬੰਧੀ ਮਦਦ ਵੀ ਮੰਗੀ।


ਬੱਚਨ ਦੇ ਟਵੀਟ ਤੋਂ ਬਾਅਦ ਸ਼ਾਓਮੀ ਦੇ ਵੀਪੀ ਮਨੂੰ ਕੁਮਾਰ ਜੈਨ ਨੇ ਅਮਿਤਾਭ ਬੱਚਨ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਸਰ ਕੀ ਤੁਸੀਂ ਆਪਣਾ ਫ਼ੋਨ ਬਦਲਨਾ ਚਾਹੋਂਗੇ। ਇਸ ਤੋਂ ਬਾਅਦ ਮਨੂੰ ਨੇ ਲਿਖਿਆ ਕਿ ਤੁਹਾਡੇ ਲਈ ਸਾਨੂੰ ਆਪਣਾ ਫਲੈਗਸ਼ਿਪ ਫ਼ੋਨ ਭੇਜਦਿਆਂ ਖ਼ੁਸ਼ੀ ਹੋਵੇਗੀ।


ਹਾਲਾਂਕਿ, ਅਮਿਤਾਭ ਬੱਚਨ ਵਨ ਪਲੱਸ ਲਈ ਇਸ਼ਤਿਹਾਰ ਕਰਦੇ ਹਨ ਪਰ ਸਮਾਰਟਫ਼ੋਨ ਸੈਮਸੰਗ ਦਾ ਵਰਤਦੇ ਹਨ। ਉਨ੍ਹਾਂ ਕੁਝ ਸਮੇਂ ਬਾਅਦ ਟਵੀਟ ਵੀ ਕੀਤਾ ਕਿ ਸੈਮਸੰਗ ਨੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦਾ ਫ਼ੋਨ ਠੀਕ ਕਰ ਦਿੱਤਾ। ਉਹ ਰਾਤ ਉਨ੍ਹਾਂ ਲਈ ਬੇਹੱਦ ਔਖੀ ਸੀ, ਕਿਉਂਕਿ ਫ਼ੋਨ ਬਿਲਕੁਲ ਡੈੱਡ ਹੋ ਚੁੱਕਿਆ ਸੀ।