ਨਵੀਂ ਦਿੱਲੀ: ਕੈਲੀਫੋਰਨੀਆ ਦੇ ਇੰਟਰਨੈਸ਼ਨਲ ਕੰਪਿਊਟਰ ਸਾਇੰਸ ਇੰਸਟੀਚਿਊਟ ਨੇ ਨਵੀਂ ਖੋਜ ਬਾਰੇ ਖ਼ੁਲਾਸਾ ਕੀਤਾ ਹੈ। ਇਸ ਮੁਤਾਬਕ ਤਕਰੀਬਨ 17 ਹਜ਼ਾਰ ਐਂਡ੍ਰੌਇਡ ਐਪਸ ਰੋਜ਼ਾਨਾ ਤੁਹਾਨੂੰ ਟ੍ਰੈਕ ਕਰ ਰਹੀਆਂ ਹਨ। ਯੂਜ਼ਰ ਦੀ ਮਰਜ਼ੀ ਬਿਨ੍ਹਾਂ ਉਨ੍ਹਾਂ ਦੀਆਂ ਨਿੱਜੀ ਚੀਜ਼ਾਂ ਵੀ ਟ੍ਰੈਕ ਕੀਤੀਆਂ ਜਾ ਰਹੀਆਂ ਹਨ। CNET ਦੀ ਰਿਪੋਰਟ ਦੇ ਖ਼ੁਲਾਸੇ ਨਾਲ ਗੂਗਲ ਦੀ ਪਾਲਿਸੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੀ ਮਦਦ ਨਾਲ ਯੂਜ਼ਰਸ ਨੂੰ ਇਸ਼ਤਿਹਾਰਾਂ ਦੇ ਤੌਰ ’ਤੇ ਟਾਰਗਿਟ ਕੀਤਾ ਜਾਏਗਾ।
ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਐਂਡ੍ਰੌਇਡ ਐਪਸ ਨੂੰ ਇਸ਼ਤਿਹਾਰ ਆਈਡੀ ਨਾਲ ਟੈਗ ਕਰਕੇ ਯੂਜ਼ਰ ਦੀ ਜਾਣਕਾਰੀ ਲੀਕ ਕੀਤੀ ਜਾ ਰਹੀ ਹੈ। ਨਾ ਤਾਂ ਇਸ ਦੀ ਕੋਈ ਲਿਮਿਟ ਹੈ ਤੇ ਨਾ ਹੀ ਇਸ ਨੂੰ ਬਦਲਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ Egelman ਨੇ ਆਪਣੀ ਖੋਜ ਵਿੱਚ ਕਿਹਾ ਹੈ ਕਿ ਇਨ੍ਹਾਂ ਵਿੱਚ ਐਂਗਰੀ ਬਰਡ ਕਲਾਸਿਕ, ਆਡੀਓਬੁਕਸ, ਫਲਿਪਬੋਰਡ ਵਰਗੀਆਂ ਕਈ ਹਾਈ ਪ੍ਰੋਫਾਈਲ ਐਪਸ ਤੋਂ ਇਲਾਵਾ ਬੈਟਰੀ ਡਾਕਟਰ ਤੇ ਕਲੀਨ ਮਾਸਟਰ ਵਰਗੀਆਂ ਯੂਟਿਲਟੀ ਐਪਸ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਤਕਰੀਬਨ ਇੱਕ ਬਿਲੀਅਨ ਤੋਂ ਵੱਧ ਡਿਵਾਇਸਿਸ ਵਿੱਚ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਉੱਧਰ ਗੂਗਲ ਨੇ ਸਾਰੀਆਂ ਰਿਪੋਰਟਾਂ ਤੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ। ਗੂਗਲ ਦਾ ਕਹਿਣਾ ਹੈ ਕਿ ਗੂਗਲ ਕੁਝ ਐਪਸ ਦਾ ਹੀ ਹਾਰਡਵੇਅਰ ਤੇ ਐਂਡ੍ਰੌਇਡ ਆਈਡੀ ਲੈਂਦਾ ਹੈ। ਇਨ੍ਹਾਂ ਵਿੱਚ ਵੀ ਫਰਾਡ ਡਿਟੈਕਸ਼ਨ ਦਾ ਪਤਾ ਲਾਉਣਾ ਸ਼ਾਮਲ ਹੁੰਦਾ ਹੈ ਨਾ ਕਿ ਯੂਜ਼ਰਸ ਲਈ ਇਸ਼ਤਿਹਾਰਾਂ ਨੂੰ ਟਾਰਗਿਟ ਕਰਨਾ।