ਪੈਰਿਸ: ਫਰਾਂਸ ਦੀ ਇੱਕ ਸਟਾਰਟਅੱਪ ਕੰਪਨੀ ਨੇ ਅਜਿਹੀਆਂ ਸਮਾਰਟ ਐਨਕਾਂ ਬਣਾਈਆਂ ਹਨ ਜੋ ਡਰਾਈਵਰ ਨੂੰ ਨੀਂਦ ਆਉਂਦੇ ਹੀ ਅਲਰਟ ਕਰ ਦੇਣਗੀਆਂ। ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਚੱਲਣ ਵਾਲੀ ਇਸ ਡਿਵਾਈਸ ‘ਚ 15 ਤਰ੍ਹਾਂ ਦੇ ਸੈਂਸਰ ਲੱਗੇ ਹਨ, ਜੋ ਗੱਡੀ ਚਲਾਉਣ ਵਾਲੇ ਵਿਅਕਤੀ ਦੀ ਐਕਟੀਵਿਟੀਜ਼ ਨੂੰ ਰਿਕਾਰਡ ਕਰਦੇ ਹਨ। ਇਸ ਦੇ ਅਧਾਰ ‘ਤੇ ਹੀ ਨੀਂਦ ਆਉਣ ਦੀ ਸੂਰਤ ‘ਚ ਵੀ ਡਰਾਈਵਰ ‘ਤੇ ਨਜ਼ਰ ਰੱਖੀ ਜਾਵੇਗੀ।
ਇਹ ਸਮਾਰਟ ਚਸ਼ਮੇ ਫਰਾਂਸ ਦੇ ਨੀਸ ਸ਼ਹਿਰ ਦੀ ਕੰਪਨੀ ‘ਏਲਸੀ ਹੈਲਦੀ’ ਨੇ ਬਣਾਏ ਹਨ। ਕੰਪਨੀ ਦੇ ਸੀਈਓ ਫਿਲਿਪ ਪੇਅਰਾਰਡ ਨੇ ਕਿਹਾ, ‘ਸੜਕ ‘ਤੇ ਸੁਰੱਖਿਆ ਵਧਾਉਣ ਤੇ ਹਾਦਸਿਆਂ ਨੂੰ ਘੱਟ ਕਰਨ ‘ਚ ਇਹ ਚਸ਼ਮੇ ਕਾਮਯਾਬ ਸਾਬਤ ਹੋ ਸਕਦੇ ਹਨ। ਇਨ੍ਹਾਂ ‘ਚ ਲੱਗੇ ਸੈਂਸਰ ਡਰਾਈਵਰ ਦੇ ਸਿਰ ਝੁਕਣ, ਉਬਾਸੀ ਆਉਣ ਤੇ ਪਲਕਾਂ ਬੰਦ ਹੋਣ ਜਿਹੀਆਂ ਐਕਟੀਵਿਟੀਜ਼ ‘ਤੇ ਨਜ਼ਰ ਰੱਖਦੇ ਹਨ ਤੇ ਡਰਾਈਵਰ ਨੂੰ ਅਲਰਟ ਭੇਜਦੇ ਹਨ।
ਚਸ਼ਮੇ ਦੇ ਫਰੇਮ ‘ਚ ਲੱਗੇ ਸਪੀਕਰ ਤੇ ਲਾਲ ਰੰਗ ਦੀ ਐਲਈਡੀ ਲਾਈਟ ਦੀ ਮਦਦ ਨਾਲ ਡਰਾਈਵਰ ਨੂੰ ਅਲਰਟ ਕੀਤਾ ਜਾਂਦਾ ਹੈ। ਗੱਡੀ ਚਲਾਉਣ ਵਾਲੇ ਦੇ ਮੋਬਾਈਲ ‘ਤੇ ਵੀ ਇੱਕ ਅਲਰਟ ਮੈਸੇਜ ਜਾਂਦਾ ਹੈ ਜਿਸ ‘ਚ ਉਸ ਨੂੰ ਨੀਂਦ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਕ ਵਾਰ ਚਾਰਜ ਹੋਣ ‘ਤੇ ਚਸ਼ਮਾ 24 ਘੰਟੇ ਕੰਮ ਕਰਦਾ ਹੈ। ਇਨ੍ਹਾਂ ਦੀ ਕੀਮਤ 250 ਡਾਲਰ (18,000 ਰੁਪਏ) ਰੱਖੀ ਗਈ ਹੈ।