ਸਾਨ ਫਰਾਂਸਿਸਕੋ : ਜਦੋਂ ਗੱਲ ਔਰਤਾਂ ਦੇ ਅਧਿਕਾਰ ਅਤੇ ਉਨ੍ਹਾਂ ਦੀ ਬਰਾਬਰੀ ਦੀ ਹੋਵੇ ਤਾਂ ਆਈਫੋਨ ਬਣਾਉਣ ਵਾਲੀ ਐਪਲ ਕੰਪਨੀ ਨੂੰ ਹੁਣ ਵੀ ਲੰਬਾ ਸਫ਼ਰ ਤੈਅ ਕਰਨਾ ਹੈ। ਐਪਲ ਦੀ ਸਾਲਾਨਾ ਰਿਪੋਰਟ ਅਨੁਸਾਰ 2017 ਵਿਚ ਕੰਪਨੀ ਵਿਚ ਕੰਮ ਕਰ ਰਹੇ ਕਰਮਚਾਰੀਆਂ ਦਾ ਕੇਵਲ 32 ਫ਼ੀਸਦੀ ਹਿੱਸਾ ਹੀ ਔਰਤਾਂ ਹਨ।
2016 ਵਿਚ ਵੀ ਇਹ ਅੰਕੜਾ 32 ਪ੍ਰਤੀਸ਼ਤ ਹੀ ਸੀ ਹਾਲਾਂਕਿ ਇਸ ਰਿਪੋਰਟ ਵਿਚ ਔਰਤਾਂ ਦੇ ਮੁੱਖ ਅਹੁਦਿਆਂ 'ਤੇ ਨਿਯੁਕਤੀ ਦੇ ਅੰਕੜੇ ਸੰਤੋਖਜਨਕ ਹਨ। 2014 ਤੋਂ 2016 ਤਕ ਜਿਥੇ ਮੁੱਖ ਅਹੁਦਿਆਂ 'ਤੇ ਕੇਵਲ 24 ਫ਼ੀਸਦੀ ਔਰਤਾਂ ਸਨ, ਇਸ ਸਾਲ ਇਹ ਗਿਣਤੀ ਵੱਧ ਕੇ 28 ਫ਼ੀਸਦੀ ਹੋ ਗਈ ਹੈ। 30 ਸਾਲ ਤੋਂ ਘੱਟ ਦੇ ਮੁਲਾਜ਼ਮਾਂ ਵਿਚ 36 ਫ਼ੀਸਦੀ ਔਰਤਾਂ ਹਨ।
ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਐਪਲ ਦੇ 1.20 ਲੱਖ ਮੁਲਾਜ਼ਮ ਹਨ। ਕੰਪਨੀ ਦੇ ਮੁੱਖ ਅਧਿਕਾਰੀਆਂ ਵਿਚ 66 ਫ਼ੀਸਦੀ ਗੋਰੇ ਹਨ ਜਦਕਿ ਸਿਆਹਫਾਮ, ਹਿਸਪੈਨਿਕ (ਲਾਤੀਨੀ ਅਮਰੀਕੀ ਆਬਾਦੀ) ਅਤੇ ਹੋਰ ਦੀ ਗਿਣਤੀ ਕ੍ਰਮਵਾਰ ਤਿੰਨ, ਸੱਤ ਅਤੇ ਇਕ ਫ਼ੀਸਦੀ ਹੈ। ਰਿਪੋਰਟ ਪਿੱਛੋਂ ਜਾਰੀ ਬਿਆਨ ਵਿਚ ਐਪਲ ਨੇ ਕਿਹਾ ਕਿ ਔਰਤਾਂ ਦੀ ਗਿਣਤੀ ਵਿਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। ਇਥੇ 18 ਤੋਂ 85 ਸਾਲ ਤਕ ਦੇ ਲੋਕ ਕੰਮ ਕਰਦੇ ਹਨ। ਸਾਡਾ ਭਵਿੱਖ ਵਿਵਿਧਤਾ ਵਿਚ ਹੀ ਹੈ। ਅਸੀਂ ਕਾਫ਼ੀ ਉਤਸ਼ਾਹਿਤ ਹਾਂ ਕਿ 30 ਸਾਲ ਤੋਂ ਘੱਟ ਉਮਰ ਦੇ ਮੁਲਾਜ਼ਮ ਵੱਖ-ਵੱਖ ਨਸਲ, ਰੰਗ ਅਤੇ ਫਿਰਕੇ ਦੇ ਹਨ।