ਐੱਪਲ ਨੇ ਝੂਠੇ ਦਾਅਵੇ ਕਰ ਵੇਚੇ ਆਈਫ਼ੋਨ XS, ਕੇਸ ਦਰਜ
ਏਬੀਪੀ ਸਾਂਝਾ | 16 Dec 2018 04:24 PM (IST)
ਚੰਡੀਗੜ੍ਹ: ਅਮਰੀਕੀ ਅਦਾਲਤ ਵਿੱਚ ਐੱਪਲ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ ਜਿਸ ਦੇ ਤਹਿਤ ਐੱਪਲ ਕੰਪਨੀ ’ਤੇ ਆਈਫੋਨ X ਵਿੱਚ ਸਕ੍ਰੀਨ ਦੇ ਆਕਾਰ ਤੇ ਪਿਕਸਲ ਦੀ ਗਿਣਤੀ ਬਾਰੇ ਝੂਠੇ ਦਾਅਵੇ ਪੇਸ਼ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਆਈਫੋਨ ਐਕਸ ਦੀ ਸਕ੍ਰੀਨ ਦਾ ਆਕਾਰ 5.6875 ਇੰਚ ਹੈ ਪਰ ਕੰਪਨੀ ਨੇ 5.8 ਇੰਚ ਸਕ੍ਰੀਨ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਫੋਨ ਦੀ ਸਕ੍ਰੀਨ ਦੀ ਰਿਜ਼ੋਲਿਊਸ਼ਨ ਵੀ ਓਨੀ ਨਹੀਂ, ਜਿੰਨੀ ਕੰਪਨੀ ਦੇ ਇਸ਼ਤਿਹਾਰਾਂ ਵਿੱਚ ਦੱਸੀ ਜਾ ਰਹੀ ਹੈ। CNET ਦੀ ਰਿਪੋਰਟ ਮੁਤਾਬਕ ਉੱਤਰੀ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਦਾਇਰ ਮੁਕੱਦਮੇ ਤਹਿਤ ਕੰਪਨੀ ’ਤੇ ਇਲਜ਼ਾਮ ਲਾਇਆ ਗਿਆ ਹੈ ਕਿ ਕਿਉਪਰਟੀਨੋ, ਕੈਲੀਫੋਰਨੀਆ ਦੇ ਹੈਡਕੁਆਰਟਰ ਟੈਕ ਜੌਇੰਟ ਨੇ ਆਈਫੋਨ X, ਆਈਫੋਨXS ਤੇ ਆਈਫੋਨ XS ਮੈਕਸ ਡਿਵਾਈਸਿਸ ਦੀ ਨੌਚ ਤੇ ਕੋਨਿਆਂ ਵਰਗੇ ਨਾਨ-ਸਕ੍ਰੀਨ ਏਰੀਏ ਦੀ ਗਿਣਤੀ ਕਰਕੇ ਫੋਨ ਦੀ ਸਕ੍ਰੀਨ ਦੇ ਆਕਾਰ ਬਾਰੇ ਝੂਠੇ ਦਾਅਵੇ ਪੇਸ਼ ਕੀਤੇ। ਰਿਪੋਰਟ ਮੁਤਾਬਕ ਮੁਕੱਦਮਾ ਦਾਇਰ ਕਰਨ ਵਾਲੇ ਦੋ ਮੁੱਦਈ ਕਲਾਸ ਐਕਸ਼ਨ ਸਟੇਟਸ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਐੱਪਲ ਆਈਫੋਨਜ਼ ਦੀ ਨਵੀਂ ਲਾਈਨ ਨੂੰ ‘ਆਲ ਸਕ੍ਰੀਨ’ ਵਜੋਂ ਗਲਤ ਢੰਗ ਨਾਲ ਮਾਰਕੀਟਿੰਗ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।