ਨਵੀਂ ਦਿੱਲੀ: ਮੋਬਾਈਲ ਜਗਤ 'ਚ ਸ਼ਾਹੀ ਕੰਪਨੀ ਐਪਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਰੋਹ ਬਾਰੇ ਟਵੀਟ ਕਰਕੇ ਖਬਰ ਭੇਜੀ ਹੈ। ਐਪਲ ਕੰਪਨੀ ਦੇ ਟਵਿਟਰ ਹੈਂਡਲ ਤੋਂ ਆਏ ਟਵੀਟ 'ਚ ਦੱਸਿਆ ਗਿਆ ਹੈ ਕਿ 12 ਸਤੰਬਰ ਨੂੰ ਸਵੇਰੇ 10 ਵਜੇ ਕੂਪਰਟਿਨੋ 'ਚ ਬਣੇ ਆਫਿਸ ਦੇ ਸਟੀਵ ਜਾਬਸ ਥਿਏਟਰ 'ਚ ਇਹ ਫੰਕਸ਼ਨ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਫੰਕਸ਼ਨ ਰਾਤ 10.30 ਹੋਣਾ ਹੈ। ਦੁਨੀਆ ਭਰ 'ਚ ਲੋਕ ਇਹ ਫੰਕਸ਼ਨ ਨੂੰ ਲਾਈਵ ਵੇਖ ਸਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸੇ ਫੰਕਸ਼ਨ 'ਚ ਕੰਪਨੀ ਆਈਫੋਨ-8 ਲਾਂਚ ਕਰ ਸਕਦੀ ਹੈ।

ਖਬਰਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਕੰਪਨੀ ਤਿੰਨ ਆਈਫੋਨ ਲਾਂਚ ਕਰ ਸਕਦੀ ਹੈ। ਇਸ 'ਚ ਆਈਫੋਨ-8, ਆਈਫੋਨ 8 ਪਲਸ ਤੇ ਆਈਫੋਨ 7ਐਸ ਵੀ ਹੋ ਸਕਦਾ ਹੈ। ਮੀਡੀਆ ਰਿਪੋਰਟਜ਼ 'ਚ ਇਹ ਵੀ ਚਰਚਾ ਹੈ ਕਿ ਐਪਲ ਟੀਵੀ ਦਾ ਨਵਾਂ ਵਰਜ਼ਨ ਵੀ ਇਸੇ ਸਮਾਰੋਹ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸੇ ਸਾਲ ਕੰਪਨੀ ਦੇ ਪਹਿਲੇ ਆਈਫੋਨ ਨੂੰ ਲਾਂਚ ਹੋਏ 10 ਸਾਲ ਪੂਰੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਈਫੋਨ ਸਭ ਤੋਂ ਖਾਸ ਹੋਵੇਗਾ। ਇਸ ਦੀ ਕੀਮਤ 999 ਡਾਲਰ ਹੋ ਸਕਦੀ ਹੈ। ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਆਈਫੋਨ 8 ਟਰੂ-ਟੋਨ OLED ਦੇ ਨਾਲ ਹੋਵੇਗਾ ਤੇ ਇਸ ਦੀ ਸਕਰੀਨ ਦਾ ਰੇਸ਼ੋ ਬਜ਼ਾਰ 'ਚ ਮੌਜੂਦ ਸਾਰੇ ਫੋਨਾਂ ਤੋਂ ਜ਼ਿਆਦਾ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਆਈਫੋਨ 'ਚ ਆਉਣ ਵਾਲਾ ਇਕਲੌਤਾ ਬਟਨ ਵੀ ਨਾ ਲੱਗਾ ਹੋਵੇ। ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਥਾਂ ਕਿਤੇ ਹੋਰ ਹੋਵੇਗੀ ਜਾਂ ਇਹ ਹੋਵੇਗਾ ਹੀ ਨਹੀਂ। ਇਸ ਦੀ ਸਕਰੀਨ 5.8 ਇੰਚ ਦੀ ਹੋਵੇਗੀ। ਸਾਇਜ਼ ਆਈਫੋਨ 7 ਜਿੱਡਾ ਹੀ ਹੋਵੇਗਾ। ਖਬਰਾਂ ਇਹ ਵੀ ਹਨ ਕਿ ਇਸ 'ਚ ਫਿੰਗਰ ਪ੍ਰਿੰਟ ਸੈਂਸਰ ਦੀ ਥਾਂ ਫੇਸ ਸਕੈਨ ਦੇ ਨਾਲ ਲੌਕ ਖੁਲ੍ਹੇਗਾ। ਅਜਿਹਾ ਫੀਚਰ ਸੈਮਸੰਗ ਆਪਣੇ ਗਲੈਕਸੀ ਐਸ-8 ਫੋਨ 'ਚ ਲਾਂਚ ਕਰ ਚੁੱਕੀ ਹੈ।