ਨਵੀਂ ਦਿੱਲੀ: ਅਗਲੇ ਸਾਲ ਫਰਵਰੀ ਤੱਕ ਜੇਕਰ ਤੁਸੀਂ ਆਪਣੇ ਸਿਮ ਕਾਰਡ ਨੂੰ ਆਪਣੇ ਆਧਾਰ ਨੰਬਰ ਨਾਲ ਲਿੰਕ ਨਹੀਂ ਕੀਤਾ ਤਾਂ ਕੰਪਨੀਆਂ ਉਸ ਨੂੰ ਬੰਦ ਕਰ ਸਕਦੀਆਂ ਹਨ। ਇਸੇ ਸਾਲ ਫਰਵਰੀ 'ਚ ਸੁਪਰੀਮ ਕੋਰਟ ਨੇ ਸਿਮ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮਿਆਦ ਮਿਥੀ ਸੀ।

ਇਸ ਸਾਲ ਫਰਵਰੀ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਸਾਲ ਦੇ ਅੰਦਰ-ਅੰਦਰ 100 ਕਰੋੜ ਤੋਂ ਜ਼ਿਆਦਾ ਤੇ ਹੋਰ ਨਵੇਂ ਬਣ ਰਹੇ ਕਸਟਮਰ ਦੀ ਪਛਾਣ ਤੈਅ ਕਰਨ ਦਾ ਕੰਮ ਮੁਕੰਮਲ ਕੀਤਾ ਜਾਵੇ। ਕੋਰਟ ਨੇ ਕਿਹਾ ਸੀ ਕਿ ਸਿਮ ਕਾਰਡ ਚਲਾਉਣ ਵਾਲੇ ਸਾਰਿਆਂ ਦਾ ਨੰਬਰ ਆਧਾਰ ਨੰਬਰ ਨਾਲ ਜੋੜ ਦਿੱਤਾ ਜਾਵੇ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਹ ਇੱਕ ਸਾਲ ਦੀ ਮਿਆਦ ਦੇ ਵਿਚ ਹੀ ਸਾਰੇ ਸਿਮ ਕਾਰਡਾਂ ਨੂੰ ਅਧਾਰ ਨਾਲ ਜੋੜ ਦੇਵੇਗੀ। ਮੁਲਕ 'ਚ 90 ਫੀਸਦੀ ਤੋਂ ਜ਼ਿਆਦਾ ਸਿਮ ਕਾਰਡ ਪ੍ਰੀਪੇਡ ਹਨ। ਪਹਿਲਾਂ ਇਨ੍ਹਾਂ ਨੂੰ ਹੀ ਅਧਾਰ ਨਾਲ ਜੋੜਣ ਦੀ ਗੱਲ ਹੋ ਰਹੀ ਸੀ।

ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਸਿਮ ਚਲਾਉਣ ਵਾਲਿਆਂ ਦੀ ਪਛਾਣ ਦਾ ਕੀ ਤਰੀਕਾ ਹੈ। ਉਸ ਵੇਲੇ ਦੇ ਚੀਫ ਜਸਟਿਸ ਜੇਐਸ ਖੇਹਰ ਨੇ ਕਿਹਾ ਸੀ ਕਿ ਜੇਕਰ ਸਿਮ ਕਾਰਡ ਮਾਲਕ ਦੀ ਪਛਾਣ ਨਹੀਂ ਹੋਵੇਗੀ ਤਾਂ ਸਿਮ ਕਾਰਡ ਨਾਲ ਠੱਗੀ ਦੇ ਮਾਮਲੇ ਵਧਣਗੇ। ਸੁਪਰੀਮ ਕੋਰਟ ਨੇ ਇਹ ਫੈਸਲਾ ਇਕ ਐਨਜੀਓ ਪੀਆਈਐਲ ਦੀ ਸੁਣਵਾਈ ਦੇ ਦੌਰਾਨ ਦਿੱਤਾ ਸੀ।