ਨਵੀਂ ਦਿੱਲੀ: ਐਪਲ ਕੰਪਨੀ ਦੇ ਆਈਫੋਨ SE 2 ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਨਹੀਂ ਹੈ। ਆਈਫੋਨ SE 2 ਨੂੰ ਲੈ ਕੇ ਨਵੀਂ ਰਿਪੋਰਟ ਆਈ ਹੈ। ਇਸ ਮੁਤਾਬਕ ਸਾਲ 2018 ਵਿੱਚ ਇਸ ਸਮਾਰਟ ਫ਼ੋਨ ਦੇ ਲਾਂਚ ਹੋਣ ਦੀ ਸੰਭਾਵਨਾ ਘੱਟ ਹੈ।


ਮੀਡੀਆ ਰਿਪੋਰਟ ਵਿੱਚ SE 2 ਦੇ ਲਾਂਚ ਹੋਣ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆਈਆਂ ਹਨ। ਸਿਕਿਉਰਿਟੀ ਐਨਾਲਿਸਟ Ming-Chi Kuo ਨੇ SE 2 ਦੇ ਇਸ ਸਾਲ ਲਾਂਚ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

Kuo ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫ਼ਿਲਹਾਲ ਐਪਲ ਕੋਲ ਇੰਨੇ ਰਿਸੋਰਸ ਨਹੀਂ ਕਿ ਅਲੱਗ ਤੋਂ ਕੋਈ ਆਈਫੋਨ ਲਾਂਚ ਕੀਤਾ ਜਾਵੇ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਾਲ 2018 ਵਿੱਚ ਐਪਲ ਆਈਫੋਨ ਦੇ ਡਿਜ਼ਾਈਨ ਵਿੱਚ ਬਦਲਾਅ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਾਲ 6.5 ਇੰਚ ਦਾ ਆਈਫੋਨ X ਪਲੱਸ ਵੀ ਲਾਂਚ ਕੀਤਾ ਜਾ ਸਕਦਾ ਹੈ।

Kuo ਦੀ ਹੀ ਪਹਿਲੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐਪਲ ਜਲਦ ਹੀ ਪਹਿਲਾਂ ਤੋਂ ਜ਼ਿਆਦਾ ਤੇਜ਼ ਪ੍ਰੋਸੈੱਸਰ ਤੇ ਘੱਟ ਕੀਮਤ ਵਿੱਚ SE 2 ਨੂੰ ਲਾਂਚ ਕਰ ਸਕਦਾ ਹੈ। ਪਿਛਲੇ ਸਾਲ ਆਈਫੋਨ X ਦੇ ਲਾਂਚ ਤੋਂ ਪਹਿਲਾਂ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਡਿਸਪਲੇ ਦੀ ਸਪਲਾਈ ਨਾ ਹੋਣ ਕਾਰਨ ਇਸ ਦੀ ਡਿਲਿਵਰੀ ਡੇਟ ਅੱਗੇ ਵੱਧ ਰਹੀ ਹੈ।