ਨਵੀਂ ਦਿੱਲੀ: ਅਮਰੀਕੀ ਟੈਕ ਜੁਆਇੰਟ ਐਪਲ ਵੀਡੀਓ ਸਟ੍ਰੀਮਿੰਗ ਚੈਨਲ ਨੈਟਫਲਿਕਸ ਖਰੀਦ ਸਕਦੀ ਹੈ। ਜਿਮ ਸੁਵਾ ਤੇ ਏਸ਼ੀਆ ਮਰਚੈਂਟ ਨਾਮ ਦੇ ਦੋ ਸਿਟੀ ਐਨਾਲਿਸਟ ਦਾ ਕਹਿਣਾ ਹੈ ਕਿ 40 ਫੀਸਦੀ ਉਮੀਦ ਹੈ ਕਿ ਐਪਲ, ਨੈਟਫਲਿਕਸ ਨੂੰ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਦਰਅਸਲ ਅਮਰੀਕਾ ਦੀ ਨਵੀਂ ਟੈਕਸ ਪਾਲਿਸੀ ਤਹਿਤ ਐਪਲ ਨੂੰ ਆਪਣੇ ਦੇਸ਼ ਅਮਰੀਕਾ ਨੂੰ ਕਰੀਬ 140 ਖ਼ਰਬ ਰੁਪਏ (220 ਅਰਬ ਡਾਲਰ) ਮੋੜਨੇ ਹਨ।

ਕੰਪਨੀ ਦੇ ਕੋਲ ਤਕਰੀਬਨ 160 ਖਰਬ ਰੁਪਏ (250 ਅਰਬ ਡਾਲਰ) ਹਨ ਜੋ ਹਰ ਸਾਲ ਕਰੀਬਨ 31 ਖਰਬ ਰੁਪਏ (50 ਅਰਬ ਡਾਲਰ) ਦੇ ਹਿਸਾਬ ਨਾਲ ਵਧ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਐਪਲ ਅਮਰੀਕਾ ਵਿੱਚ ਵਧੇਰੇ ਟੈਕਸ ਹੋਣ ਦੀ ਵਜ੍ਹਾ ਕਰਕੇ ਆਪਣੇ ਦੇਸ਼ ਵਿੱਚ ਕੈਸ਼ ਲਿਆਉਣ ਤੋਂ ਬਚਦੀ ਆਈ ਹੈ।

ਜ਼ਿਕਰਯੋਗ ਹੈ ਕਿ ਐਪਲ ਦੀ 90 ਫੀਸਦੀ ਰਕਮ ਵਿਦੇਸ਼ਾਂ ਵਿੱਚ ਹੈ, ਨਵੀਂ ਟੈਕਸ ਪਾਲਿਸੀ ਤੋਂ ਬਾਅਦ ਐਪਲ ਦੂਜੇ ਦੇਸ਼ਾਂ ਤੋਂ ਆਪਣਾ ਕੈਸ਼ ਅਮਰੀਕਾ ਵਾਪਸ ਲਿਆ ਸਕਦੀ ਹੈ।