ਨਵੀਂ ਦਿੱਲੀ: ਆਈਫ਼ੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਕੰਮ ਦੀ ਖ਼ਬਰ ਹੈ। ਐਪਲ ਇਸ ਸਾਲ ਆਪਣੇ ਤਿੰਨ ਨਵੇਂ ਆਈਫ਼ੋਨ ਉਤਾਰ ਸਕਦੀ ਹੈ, ਜਿਸ ਵਿੱਚ 6.1 ਇੰਚ ਐਲਸੀਡੀ ਡਿਸਪਲੇਅ ਵਾਲਾ ਆਈਫ਼ੋਨ, 5.8 ਇੰਚ ਡਿਸਪਲੇਅ ਵਾਲਾ ਆਈਫ਼ੋਨ X ਦਾ ਬਦਲ ਤੇ 6.5 ਇੰਚ ਵਾਲਾ ਆਈਫ਼ੋਨ X ਪਲੱਸ।
ਤਾਜ਼ਾ ਜਾਣਕਾਰੀ ਮੁਤਾਬਕ ਆਈਫ਼ੋਨਜ਼ ਦੀ ਮੰਗ ਬਾਜ਼ਾਰ ਵਿੱਚ ਜ਼ਿਆਦਾ ਹੋ ਸਕਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਐਪਲ ਆਈਫ਼ੋਨ SE, ਆਈਫ਼ੋਨ X ਨੂੰ ਬੰਦ ਕਰ ਸਕਦੀ ਹੈ।
ਬਿਊਫ਼ਿਨ ਰਿਸਰਚ ਵੱਲੋਂ ਸਾਹਮਣੇ ਆਏ ਇੱਕ ਨੋਟ ਦੀ ਮੰਨੀਏ ਤਾਂ ਐਪਲ ਦੇ ਇਸ ਸਾਲ ਆਉਣ ਵਾਲੇ ਆਈਫ਼ੋਨ ਦੀ ਮੰਗ ਜ਼ਿਆਦਾ ਹੋਵੇਗੀ। ਐਪਲ ਇਸ ਸਾਲ ਲਾਂਚ ਹੋਣ ਵਾਲੇ ਤਿੰਨਾਂ ਆਈਫ਼ੋਨਜ਼ ਦੀਆਂ 2.8 ਕਰੋੜ ਇਕਾਈਆਂ ਵੇਚੇਗੀ। ਇਸ ਸਾਲ ਦੀ ਚੌਥੀ ਤਿਮਾਹੀ ਵਿੱਚ ਕੰਪਨੀ 6.3 ਕਰੋੜ ਆਈਫ਼ੋਨਜ਼ ਯੂਨਿਟ ਬਣਾਏਗੀ ਤੇ ਸਾਲ 2019 ਦੀ ਪਹਿਲੀ ਤਿਮਾਹੀ ਵਿੱਚ 4.6 ਕਰੋੜ ਆਈਫ਼ੋਨ ਯੂਨਿਟ ਬਣਾਏਗੀ।
ਰਿਪੋਰਟ ਦਾ ਕਹਿਣਾ ਹੈ ਕਿ ਜਿਨ੍ਹਾਂ ਯੂਜ਼ਰਜ਼ ਨੂੰ ਆਈਫ਼ੋਨ X ਦੀ ਡਿਸਪਲੇਅ ਜ਼ਿਆਦਾ ਛੋਟੀ ਲੱਗ ਰਹੀ ਹੈ, ਉਹ ਆਈਫ਼ੋਨ 11 ਪਲੱਸ ਵੱਲ ਜਾਣਗੇ। ਰਿਪੋਰਟ ਮੁਤਾਬਕ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਆਈਫ਼ੋਨ X ਤੇ ਆਈਫ਼ੋਨ SE ਬੰਦ ਕੀਤੇ ਜਾ ਸਕਦੇ ਹਨ। ਫਿਲਹਾਲ, ਐਪਲ ਦਾ ਆਈਫ਼ੋਨ X ਬਾਜ਼ਾਰ ਵਿੱਚ ਸਭ ਤੋਂ ਮਹਿੰਗਾ ਤੇ ਆਈਫ਼ੋਨ SE ਕੰਪਨੀ ਦਾ ਸਭ ਤੋਂ ਸਸਤਾ ਫ਼ੋਨ ਹੈ।