ਨਵੀਂ ਦਿੱਲੀ: WhatsApp ਨੇ ਆਪਣਾ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਮੁਤਾਬਕ ਯੂਜ਼ਰ ਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਉਸ ਨੂੰ ਭੇਜਿਆ ਗਿਆ ਮੈਸੇਜ ਫਾਰਵਰਡ ਕੀਤਾ ਗਿਆ ਹੈ ਜਾਂ ਉਸ ਨੂੰ ਖ਼ੁਦ ਲਿਖ ਕੇ ਯਾਨੀ ਕ੍ਰਿਏਟ ਕਰਕੇ ਭੇਜਿਆ ਗਿਆ ਹੈ।
ਇਸ ਫੀਚਰ ਦੀ ਮਦਦ ਨਾਲ ਹੁਣ ਦੋ ਯੂਜ਼ਰ ਵਿਚਾਲੇ ਗੱਲਬਾਤ ਤੇ ਗਰੁੱਪ ਚੈਟ ਕਰਨੀ ਹੋਰ ਆਸਾਨ ਹੋ ਜਾਏਗੀ। ਇਸ ਨਾਲ WhatsApp ’ਤੇ ਫੈਲ ਰਹੀਆਂ ਅਫਵਾਹਾਂ ’ਤੇ ਵੀ ਰੋਕ ਲਾਈ ਜਾ ਸਕੇਗੀ। WhatsApp ਨੇ ਆਪਣੀ ਇੱਕ ਪੋਸਟ ਵਿੱਚ ਇਹ ਖ਼ੁਲਾਸਾ ਕੀਤਾ।
ਕਈ ਦਿਨਾਂ ਤੋਂ WhatsApp ਫੇਕ ਮੈਸੇਜਸ ਤੇ ਗਲਤ ਜਾਣਕਾਰੀ ਸਬੰਧੀ ਸੰਘਰਸ਼ ਕਰ ਰਿਹਾ ਸੀ। WhatsApp ’ਤੇ ਅਫਵਾਹਾਂ ਫੈਲਾਉਣ ਦਾ ਇਹ ਮੁੱਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਚੱਕਰ ਕੱਟ ਰਿਹਾ ਸੀ। ਇਸ ਨੂੰ ਵੇਖਦਿਆਂ WhatsApp ਨੇ ਆਖ਼ਰਕਾਰ ਇਹ ਕਦਮ ਚੁੱਕਿਆ।
ਇਸ ਫੀਚਰ ’ਤੇ ਕੰਮ ਕਰਨੀ WhatsApp ਲਈ ਕਾਫ਼ੀ ਮੁਸ਼ਕਲ ਸੀ ਕਿਉਂਕਿ WhatsApp ਦੇ ਸਾਰੇ ਮੈਸੇਜਸ ਐਂਡ ਟੂ ਐਂਡ ਇਨਕ੍ਰਿਪਟਿਡ ਹੁੰਦੇ ਹਨ। ਇਸ ਫੀਚਰ ਨੂੰ ਵਰਤਣ ਲਈ ਯੂਜ਼ਰ ਨੂੰ ਆਪਣੇ ਫੋਨ ਵਿੱਚ ਵਟਸਐਪ ਦੀ ਤਾਜ਼ਾ ਅਪਡੇਟ ਡਾਊਨਲੋਡ ਕਰਨੀ ਪਏਗੀ।
ਪਿਛਲੇ ਦਿਨੀਂ ਦੇਸ਼ ਦੇ ਕਈ ਇਲਾਕਿਆਂ ਵਿੱਚ WhatsApp ’ਤੇ ‘ਬੱਚਾ ਚੋਰ’ ਦੀਆਂ ਝੂਠੀਆਂ ਖ਼ਬਰਾਂ ਤੇ ਅਫਵਾਹਾਂ ਦੀ ਵਜ੍ਹਾ ਕਰਕੇ ਭੀੜ ਵੱਲੋਂ ਕਈ ਲੋਕਾਂ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਸਬੰਧੀ ਪਿਛਲੇ ਹਫ਼ਤੇ ਸੂਚਨਾ ਪ੍ਰਸਾਰਣ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ WhatsApp ਨੂੰ ਆਪਣੀ ਜ਼ਿੰਮੇਵਾਰੀ ਯਕੀਨੀ ਬਣਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਸਰਕਾਰ ਕੋਈ ਢਿੱਲ ਸਹਿਣ ਨਹੀਂ ਕਰੇਗੀ।
ਕੰਪਨੀ ਨੇ ਕਿਹਾ ਹੈ ਕਿ WhatsApp ਲੋਕਾਂ ਦੀ ਸੁਰੱਖਿਆ ਸਬੰਧੀ ਬਹੁਤ ਚਿੰਤਿਤ ਹੈ। ਕੰਪਨੀ ਨੇ ਕਿਹਾ ਕਿ ਫਾਰਵਰਡ ਕੀਤੇ ਮੈਸੇਜਸ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਹ ਯੂਜ਼ਰ ਨੂੰ ਸੋਚਣ ਦਾ ਸਲਾਹ ਦਿੰਦੇ ਹਨ। ਇਸ ਨੂੰ ਅੱਗੇ ਭੇਜਣ ਤੋ ਪਹਿਲਾਂ ਇੱਚ ਟੱਚ ਨਾਲ ਸਪੈਮ ਮੈਸੇਜ ਦੀ ਰਿਪੋਰਟ ਕੀਤੀ ਜਾ ਸਕਦੀ ਹੈ ਜਾਂ ਉਸ ਸੰਪਰਕ ਨੂੰ ਬਲਾਕ ਕੀਤਾ ਜਾ ਸਕਦਾ ਹੈ।