ਨਵੀਂ ਦਿੱਲੀ: ਐਪਲ ਵੱਲੋਂ 14 ਸਾਲਾ ਵਿਦਿਆਰਥੀ ਥਾਂਪਸਨ ਨੂੰ ਇਨਾਮਾਂ ਨਾਲ ਨਿਵਾਜਿਆ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਕੰਪਨੀ ਨੂੰ ਵੱਡੀ ਗੜਬੜੀ ਬਾਰੇ ਦੱਸਿਆ ਸੀ। ਥਾਂਪਸਨ ਦੀ ਸੂਚਨਾ ਮਗਰੋਂ ਹੀ ਕੰਪਨੀ ਨੇ ਇਸ ਸਮੱਸਿਆ ਦਾ ਹੱਲ਼ ਕੀਤਾ। 19 ਜਨਵਰੀ ਨੂੰ ਐਰੀਜੋਨਾ ਦੇ ਇੱਕ 14 ਸਾਲਾ ਵਿਦਿਆਰਥੀ ਨੇ ਜਦੋਂ ਇਸ ਗੜਬੜੀ ਦਾ ਪਤਾ ਲਾਇਆ ਤਾਂ ਐਪਲ ਵੀ ਹੈਰਾਨ ਹੋ ਗਿਆ।


ਦਰਅਸਲ ਗ੍ਰਾਂਟ ਥਾਂਪਸਨ ਆਪਣੇ ਦੋਸਤਾਂ ਨਾਲ ਗਰੁੱਪ ‘ਚ ਫੇਸਟਾਈਮ ਕਰ ਰਿਹਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਆਪਣੇ ਦੋਸਤਾਂ ਦੀ ਗੱਲਾਂ ਸੁਣ ਸਕਦਾ ਹੈ, ਉਹ ਵੀ ਬਿਨਾਂ ਕਾਲ ਅਟੈਂਡ ਕੀਤੇ। ਇਸ ਤੋਂ ਬਾਅਦ ਥਾਂਪਸਨ ਨੇ ਇਸ ਦੀ ਜਾਣਕਾਰੀ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਤੇ ਐਪਲ ਨੂੰ ਇਸ ਦੀ ਜਾਣਕਾਰੀ ਮਿਲੀ। ਹੁਣ ਐਪਲ ਨੇ ਇਸ ਸਮੱਸਿਆ ਨੂੰ ਸੁਲਝਾ ਲਿਆ ਹੈ। ਇਸ ਦੇ ਨਾਲ ਥਾਂਪਸਨ ਨੂੰ ਗਿਫਟ ਦੇਣ ਦਾ ਖੁਲਾਸਾ ਕੀਤਾ ਹੈ।

ਯਾਦ ਰਹੇ ਫੇਸਟਾਈਮ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਪਿਛਲੇ ਕੁਝ ਦਿਨ ਕਾਫੀ ਦਿੱਕਤਾਂ ਭਰੇ ਰਹੇ। ਯੂਜ਼ਰਸ ਦੀ ਆਵਾਜ਼ ਬਗੈਰ ਕਾਲ ਰਸੀਵ ਕੀਤੇ ਹੀ ਕਾਲ ਕਰਨ ਵਾਲੇ ਤਕ ਪਹੁੰਚ ਰਹੀ ਸੀ। ਇਸ ਨੂੰ ਗਰੁੱਪ ਕਾਲਿੰਗ ਦੌਰਾਨ ਫੜ੍ਹਿਆ ਗਿਆ। ਯੂਜ਼ਰਸ ਨੂੰ ਆਈਫੋਨ ਤੇ ਆਈਪੈਡ ‘ਚ ਵੀ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ ਤੋਂ ਬਾਅਦ ਐਪਲ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ, “ਗਰੁੱਪ ਫੇਸਟਾਈਮ ਸਿਕਊਰਟੀ ਬੱਗ ਦੀ ਗੜਬੜੀ ਠੀਕ ਕਰ ਲਈ ਗਈ ਹੈ ਤੇ ਕੰਪਨੀ ਇਸ ਫੀਚਰ ਨੂੰ ਫੇਰ ਤੋਂ ਸ਼ੁਰੂ ਕਰਨ ਲਈ ਅਗਲੇ ਹਫਤੇ ਸਾਫਟਵੇਅਰ ਅਪਡੇਟ ਜਾਰੀ ਕਰੇਗੀ। ਅਸੀਂ ਇਸ ਬੱਗ ਬਾਰੇ ਜਾਣਕਾਰੀ ਦੇਣ ਲਈ ਥਾਂਪਸਨ ਫੈਮਲੀ ਦਾ ਧੰਨਵਾਦ ਕਰਦੇ ਹਾਂ।”