ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਜੀਪੀਐਸ ਤੇ ਸੈਲੂਲਰ ਕੁਨੈਕਟੀਵਿਟੀ ਵਾਲੀ ਐਪਲ ਵਾਚ ਭਾਰਤ ਵਿੱਚ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਟੈਲੀਕਾਮ ਕੰਪਨੀਆਂ ਨੇ ਐਪਲ ਵਾਚ ਸੀਰੀਜ਼ 3 ਲਈ ਆਪਣੀਆਂ ਸੇਵਾਵਾਂ ਦੇਣ ਦਾ ਐਲਾਨ ਕਰ ਦਿੱਤਾ ਹੈ। ਐਪਲ ਦੀ ਇਹ ਘੜੀ ਸਮਾਰਟਫ਼ੋਨ ਤੋਂ ਬਗ਼ੈਰ ਕੰਮ ਕਰੇਗੀ।

 

ਕਿੰਙ ਕੰਮ ਕਰਦੀ ਹੈ ਐਪਲ ਵਾਚ ਸੀਰੀਜ਼ 3-

ਐਪਲ ਵਾਚ ਸੀਰੀਜ਼ 3 ਈ-ਸਿੰਮ 'ਤੇ ਆਧਾਰਤ ਹੈ, ਜਿਸ ਦਾ ਨੰਬਰ ਉਹੀ ਹੋਵੇਗਾ ਜੋ ਤੁਸੀਂ ਆਪਣੇ ਫ਼ੋਨ 'ਤੇ ਵਰਤ ਰਹੇ ਹੋ। ਇਸ ਦਾ ਮਤਲਬ ਕਿ ਇਸ ਘੜੀ ਨਾਲ ਤੁਸੀਂ ਫ਼ੋਨ ਮਿਲਾ ਸਕਦੇ ਹੋ ਤੇ ਸੰਦੇਸ਼ ਆਦਿ ਵੀ ਭੇਜ ਤੇ ਪ੍ਰਾਪਤ ਕਰ ਸਕਦੇ ਹੋ। ਕੁਨੈਕਟੀਵਿਟੀ ਲਈ ਇਸ ਸਮਾਰਟਵਾਚ ਵਿੱਚ LTE ਸੇਵਾਵਾਂ ਵੀ ਮਿਲਣਗੀਆਂ।

ਏਅਰਟੈੱਲ ਤੇ ਜੀਓ ਦੇ ਰਹੇ ਐਪਲ ਵਾਚ ਲਈ ਕੀ ਖਾਸ-

ਏਅਰਟੈੱਲ ਤੇ ਜੀਓ ਨੇ ਐਲਾਨ ਕੀਤਾ ਹੈ ਕਿ ਉਹ ਇਸ ਐਪਲ ਵਾਚ ਦੀ ਵਿਕਰੀ 11 ਮਈ ਤੋਂ ਸ਼ੁਰੂ ਕਰਨਗੇ ਜਦਕਿ ਇਸ ਦੀ ਪ੍ਰੀ-ਬੁਕਿੰਗ 4 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਜੇਕਰ ਏਅਰਟੈੱਲ ਯੂਜ਼ਰ ਇਨਫਿਨੀਟੀ ਪਲਾਨ ਵਰਤ ਰਹੇ ਹਨ ਤਾਂ ਐਪਲ ਵਾਚ ਲਈ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਬਿਲ ਨਹੀਂ ਭਰਨਾ ਪਵੇਗਾ। ਇਸੇ ਤਰ੍ਹਾਂ ਜੀਓ ਨੇ ਵੀ ਐਪਲ ਵਾਚ ਲਈ ਆਪਣੀ ਜੀਓ ਐਵਰੀਵੇਅਰ ਕੁਨੈਕਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜੀਓ ਦਾ ਦਾਅਵਾ ਹੈ ਕਿ ਉਹ ਇਸ ਸੇਵਾ ਦੇ ਵੀ ਕੋਈ ਵੱਖਰੇ ਪੈਸੇ ਨਹੀਂ ਵਸੂਲੇਗਾ। ਫਿਲਹਾਲ ਦੋਵਾਂ ਆਪ੍ਰੇਟਰਜ਼ ਨੇ ਇਸ ਘੜੀ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ।