ਨਵੀਂ ਦਿੱਲੀ: ਐਪਲ ਅੱਜ ਆਈਫੋਨ 8 ਤੇ ਆਈਫੋਨ 8 ਪਲੱਸ ਦਾ ਰੈੱਡ ਐਡੀਸ਼ਨ ਲਾਂਚ ਕਰ ਸਕਦਾ ਹੈ। ਇਹ ਕਲਰ ਵੈਰੀਐਂਟ (RED) ਸੰਗਠਨ ਦੀ ਮਦਦ ਨਾਲ ਲਾਂਚ ਕੀਤਾ ਜਾਵੇਗਾ। ਇਹ ਸੰਗਠਨ ਅਫਰੀਕਾ ਵਿੱਚ HIV-ਖਿਲਾਫ ਲੋਕਾਂ ਨੂੰ ਜਾਗਰੂਕ ਕਰਦਾ ਹੈ। ਐਪਲ ਇਸ ਰਾਹੀਂ ਸੰਗਠਨ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਹੈ।
MacRumors ਦੀ ਰਿਪੋਰਟ ਮੁਤਾਬਕ ਵਰਜਨ ਮੋਬਾਈਲ ਦੇ ਕਰਮਚਾਰੀਆਂ ਨੂੰ ਇੱਕ ਮੈਮੋ ਦਿੱਤਾ ਗਿਆ ਹੈ ਜਿਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ 8 ਤੇ 8 ਪਲੱਸ ਦਾ ਲਾਲ ਰੰਗ ਦਾ ਵੈਰੀਐਂਟ ਸੋਮਵਾਰ ਮਤਲਬ 9 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਆਈਫੋਨ ਐਕਸ ਨੂੰ ਲੈ ਕੇ ਮੈਮੋ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਆਈਫੋਨ 7 ਤੇ 7 ਪਲੱਸ ਦਾ ਰੈਡ ਵੈਰੀਐਂਟ ਐਪਲ ਨੇ ਸਾਲ 2017 ਵਿੱਚ ਲਾਂਚ ਕੀਤਾ ਸੀ। ਸਾਲ 2006 ਵਿੱਚ (RED) ਸੰਗਠਨ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਸੰਗਠਨ ਏਡਜ਼ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦਾ ਹੈ। ਇਹ ਅਫਰੀਕੀ ਮੁਲਕ ਘਾਨਾ, ਕੀਨੀਆ, ਲਸੋਥੋ, ਰਵਾਂਡਾ, ਸਾਉਥ ਅਫਰੀਕਾ, ਸਵਿਟਜ਼ਰਲੈਂਡ, ਤਨਜਾਨੀਆ, ਜਾਂਬੀਆ ਵਿੱਚ ਕੰਮ ਕਰਦਾ ਹੈ। ਐਪਲ ਇਸ ਸੰਗਠਨ ਦੀ ਮਦਦ ਲਈ ਆਈਪੌਡ, ਆਈਪੈਡ, ਕਈ ਫੋਨ ਕਵਰ ਤੇ ਆਈਫੋਨ ਸੀਰੀਜ਼ ਦਾ (RED) ਐਡੀਸ਼ਨ ਲਾਂਚ ਕਰ ਚੁੱਕਿਆ ਹੈ।