ਨਵੀਂ ਦਿੱਲੀ: ਐਪਲ ਗਾਹਕਾਂ ਲਈ ਖੁਸ਼ਖ਼ਬਰੀ ਹੈ ਕਿ ਇਸ ਸਾਲ ਐਪਲ ਆਈਫੋਨ ਦੇ ਤਿੰਨ ਨਵੇਂ ਮਾਡਲ ਲਾਂਚ ਕਰ ਰਿਹਾ ਹੈ। ਇਸ 'ਚ ਤਿੰਨ ਕਲਰ ਵੈਰੀਐਂਟ ਹੋਣਗੇ। 9to5Mac ਦੀ ਰਿਪੋਰਟ ਮੁਤਾਬਕ ਐਪਲ ਨਾਲ ਜੁੜੀ ਜਾਣਕਾਰੀ ਦੇਣ ਵਾਲੇ KGI ਸਿਕਿਓਰੀਟੀਜ਼ ਦੇ ਐਨਾਲਿਸਟ ਮਿੰਗ ਚੀ ਮੁਤਾਬਕ ਐਪਲ ਵਾਜ਼ਬ ਕੀਮਤਾਂ 'ਤੇ ਗ੍ਰੇਅ, ਸਫੇਦ, ਨੀਲਾ, ਸੰਤਰੀ ਤੇ ਲਾਲ ਰੰਗ ਦੇ ਵੈਰੀਐਂਟ ਲਿਆ ਸਕਦਾ ਹੈ।


ਇਸ ਸਾਲ ਲਾਂਚ ਕੀਤੇ ਜਾਣ ਵਾਲੇ ਆਈਫੋਨਜ਼ 'ਚ ਸਭ ਤੋਂ ਘੱਟ ਕੀਮਤ ਵਾਲਾ ਆਈਫੋਨ 6.1 ਇੰਚ ਦੀ ਐਲਸੀਡੀ ਡਿਸਪਲੇਅ ਨਾਲ ਆਵੇਗਾ। ਇਹ ਬਜ਼ਟ ਆਈਫੋਨ ਹੋਵੇਗਾ ਜਿਸ ਦੀ ਕੀਮਤ ਲਗਪਗ 40,300 ਰੁਪਏ ਤੋਂ ਲੈ ਕੇ 47,000 ਤੱਕ ਹੋਵੇਗੀ।


ਇਸ ਤੋਂ ਇਲਾਵਾ ਇੱਕ ਮਾਡਲ 6.5 ਇੰਚ ਦੀ ਸਕਰੀਨ ਵਾਲਾ ਲਾਂਚ ਕੀਤਾ ਜਾਵੇਗਾ, ਜੋ ਕਾਲੇ, ਸਫੇਦ ਤੇ ਸੁਨਹਿਰੀ ਰੰਗ 'ਚ ਉਪਲਬਧ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ OLED ਸਕਰੀਨ ਵਾਲਾ ਇਹ ਆਈਫੋਨ ਸਭ ਤੋਂ ਮਹਿੰਗਾ ਮਾਡਲ ਹੋਵੇਗਾ। ਇਸ ਦੀ ਕੀਮਤ 60,000 ਰੁਪਏ ਤੋਂ 76,100 ਰੁਪਏ ਹੋ ਸਕਦੀ ਹੈ। ਪਿਛਲੇ ਸਾਲ ਲਾਂਚ ਕੀਤੇ ਆਈਫੋਨ ਦੀ ਗੱਲ ਕਰੀਏ ਤਾਂ ਭਾਰਤ 'ਚ ਇਸ ਦੀ ਕੀਮਤ 89,000 ਰੁਪਏ ਤੋਂ ਸ਼ੁਰੂ ਹੁੰਦੀ ਹੈ।


ਤਾਜ਼ਾ ਜਾਣਕਾਰੀ ਮਤਾਬਕ ਨਵੇਂ ਆਈਫੋਨਜ਼ ਦੀ ਬਾਜ਼ਾਰ 'ਚ ਮੰਗ ਜ਼ਿਆਦਾ ਹੋਣ ਕਾਰਨ ਕੰਪਨੀ ਆਈਫੋਨ SE ਤੇ ਆਈਫੋਨ X ਇਨ੍ਹਾਂ ਦੋਵੇਂ ਮਾਡਲਸ 'ਤੇ ਰੋਕ ਲਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ ਨਵੇਂ ਲਾਂਚ ਕੀਤੇ ਜਾਣ ਵਾਲੇ ਆਈਫੋਨਜ਼ ਦੇ ਲਗਪਗ 2.8 ਕਰੋੜ ਯੂਨਿਟ ਬਣਾਏਗੀ।