ਨਵੀਂ ਦਿੱਲੀ: ਅਮਰੀਕਾ ਦੇ ਓਹੀਓ ‘ਚ ਇੱਕ ਵਿਅਕਤੀ ਦੀ ਜੇਬ ‘ਚ ਆਈਫੋਨ ਐਕਸਐਸ ਮੈਕਸ ‘ਚ ਅਚਾਨਕ ਅੱਗ ਲੱਗ ਗਈ ਤੇ ਫੋਨ ਜੇਬ ‘ਚ ਹੀ ਫਟ ਗਿਆ। ਰਿਪੋਰਟ ਮੁਤਾਬਕ ਵਿਅਕਤੀ ਦਾ ਨਾਂ ਹਿੱਲਰਡ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਫੋਨ 3 ਹਫਤੇ ਪਹਿਲਾਂ ਹੀ ਖਰੀਦੀਆ ਸੀ।

ਘਟਨਾ 12 ਦਸੰਬਰ ਦੀ ਹੈ ਜਦੋਂ ਹਿੱਲਡਰ ਲੰਚ ਬ੍ਰੇਕ ‘ਤੇ ਗਿਆ ਸੀ, ਉਸ ਨੂੰ ਅਜੀਬ ਜਹੀ ਬਦਬੂ ਆਉਣੀ ਸ਼ੁਰੂ ਹੋ ਗਈ। ਜਿਵੇਂ ਹੀ ਉਸ ਨੇ ਆਪਣੇ ਜੇਬ ਵੱਲ ਦੇਖਿਆ ਤਾਂ ਉਸ ਨੂੰ ਜੇਬ ਤੋਂ ਹਰੇ ਤੇ ਪੀਲੇ ਰੰਗ ਦਾ ਧੁੰਆਂ ਨਿਕਲਦਾ ਦਿਖਿਆ।


ਹਿੱਲਡਰ ਦਾ ਕਹਿਣਾ ਹੈ, “ਮੈਨੂੰ ਕਮਰੇ ਤੋਂ ਫੋਰਨ ਨਿਕਲਣਾ ਪਿਆ ਕਿਉਂਕਿ ਮੇਰੇ ਕਮਰੇ ‘ਚ ਇੱਕ ਔਰਤ ਮੌਜੂਦ ਸੀ। ਮੈਂ ਕਮਰੇ ਤੋਂ ਬਾਹਰ ਨਿਕਲ ਕੇ ਆਪਣੀ ਪੈਂਟ ਤੇ ਬੂਟ ਖੋਲ੍ਹੇ। ਇਸ ਤੋਂ ਬਾਅਦ ਕੰਪਨੀ ਦੇ ਵਾਈਸ ਪ੍ਰੈਸੀਡੈਂਟ ਨੇ ਉਸ ‘ਤੇ ਫਾਇਰ ਐਕਟਿਗਵੀਸ਼ਰ ਪਾਇਆ ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤਕ ਮੇਰੀ ਲੱਤ ਸੜ੍ਹ ਚੁੱਕੀ ਸੀ ਤੇ ਮੈਨੂੰ ਅੰਦਰੂਨੀ ਸੱਟਾਂ ਵੀ ਆਈਆਂ।"

ਵਿਅਕਤੀ ਦਾ ਕਹਿਣਾ ਹੈ ਕਿ ਕੰਪਨੀ ਦਾ ਇਸ ‘ਤੇ ਜਵਾਬ ਆਇਆ ਕਿ ਉਹ ਮੈਨੂੰ ਨਵੇਂ ਕੱਪੜੇ ਦੇਣ ਲਈ ਤਿਆਰ ਹਨ ਤੇ ਨਵਾਂ ਫੋਨ ਵੀ। 20 ਮਿੰਟ ਤਕ ਐਪਲ ਸਟੋਰ ‘ਤੇ ਜਾ ਕੇ ਉਸ ਨੇ ਸਵਾਲਾਂ ਦੇ ਜਵਾਬ ਦਿੱਤੇ ਤੇ 40 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੂੰ ਫੋਨ ਮਿਲਿਆ। ਇਸ ਦੇ ਨਾਲ ਹੀ ਉਸ ਨੂੰ ਘਟਨਾ ਸਮੇਂ ਦੀਆਂ ਕਈ ਤਸਵੀਰਾਂ ਚੀ ਸ਼ੇਅਰ ਕਰਨੀਆਂ ਪਈਆਂ।