ਨਵੀਂ ਦਿੱਲੀ: ਯੋਗ ਤੋਂ ਪ੍ਰਸਿੱਧੀ ਖੱਟ ਵੱਡੀ ਕਾਰਪੋਰੇਟ ਕੰਪਨੀ 'ਪਤੰਜਲੀ' ਖੜ੍ਹੀ ਕਰ ਚੁੱਕੇ ਬਾਬਾ ਰਾਮਦੇਵ ਨੇ ਹੁਣ ਟੈਲੀਕਾਮ ਖੇਤਰ ਵਿੱਚ ਐਂਟਰੀ ਮਾਰ ਲਈ ਹੈ। ਐਤਵਾਰ ਨੂੰ ਇੱਕ ਸਮਾਗਮ ਦੌਰਾਨ ਬਾਬਾ ਰਾਮਦੇਵ ਨੇ ਸਿੰਮ ਕਾਰਡ ਲਾਂਚ ਕਰ ਦਿੱਤਾ, ਜਿਸ ਨੂੰ 'ਸਵਦੇਸ਼ੀ ਸਮਰਿੱਧੀ ਸਿੰਮ ਕਾਰਡ' ਨਾਂ ਦਿੱਤਾ ਗਿਆ ਹੈ। ਇਸ ਨੂੰ ਦੇਸ਼ ਦੀ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਤੇ ਪਤੰਜਲੀ ਮਿਲ ਕੇ ਚਲਾਉਣਗੀਆਂ। ਆਓ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਬਾਬਾ ਰਾਮਦੇਵ ਦੇ ਸਿੰਮ ਵਿੱਚ ਕੀ ਹੈ ਖਾਸ

 

ਪਤੰਜਲੀ ਸਿੰਮ ਦੇ ਫਾਇਦੇ

ਇਸ ਸਿੰਮ ਵਿੱਚ 144 ਰੁਪਏ ਦਾ ਰੀਚਾਰਜ ਕਰਵਾਉਣ ਨਾਲ ਦੋ ਜੀਬੀ ਡੇਟਾ, ਅਸੀਮਤ ਕਾਲਿੰਗ ਤੇ 100 ਐਸਐਮਐਸ ਭੇਜਣ ਦੀ ਸੁਵਿਧਾ ਮਿਲੇਗੀ। ਸਿੰਮ ਦੀ ਵਰਤੋਂ ਕਰਨ ਵਾਲੇ ਨੂੰ 2.5 ਲੱਖ ਰੁਪਏ ਤਕ ਦਾ ਮੈਡੀਕਲ ਬੀਮਾ ਤੇ ਪੰਜ ਲੱਖ ਰੁਪਏ ਤਕ ਦਾ ਜੀਵਨ ਬੀਮਾ ਦਿੱਤਾ ਜਾਵੇਗਾ। ਫਿਲਹਾਲ ਰਾਮਦੇਵ ਪਤੰਜਲੀ+ਬੀਐਸਐਨਐਲ ਸਿੰਮ ਆਪਣੇ ਕਰਮਚਾਰੀਆਂ ਨੂੰ ਹੀ ਦੇਣਗੇ ਪਰ ਜਦ ਇਸ ਨੂੰ ਆਮ ਜਨਤਾ ਲਈ ਜਾਰੀ ਕਰ ਦਿੱਤਾ ਤਾਂ ਸਿੰਮ ਰਾਹੀਂ ਪਤੰਜਲੀ ਉਤਪਾਦਾਂ ਉੱਪਰ 10% ਦੀ ਛੋਟ ਵੀ ਮਿਲੇਗੀ।

ਰਾਮਦੇਵ ਨੇ ਦੱਸਿਆ ਆਪਣਾ ਟੀਚਾ

ਸਿੰਮ ਜਾਰੀ ਕਰਨ ਵਾਲੇ ਸਮਾਗਮ ਵਿੱਚ ਰਾਮਦੇਵ ਨੇ ਕਿਹਾ ਕਿ ਬੀਐਸਐਨਐਲ ਤੇ ਪਤੰਜਲੀ ਨੇ ਮਿਲਕੇ ਦੇਸ਼ ਦੀ ਸੇਵਾ ਕਰਨੀ ਹੈ। ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸਿਰਫ਼ ਦਾਨ-ਪੁੰਨ ਕਰਨਾ ਹੈ। ਰਾਮਦੇਵ ਨੇ ਸਪੱਸ਼ਟ ਕੀਤਾ ਹੈ ਕਿ ਬੀਮੇ 'ਤੇ ਦਾਅਵਾ ਸਿਰਫ਼ ਸੜਕ ਦੁਰਘਟਨਾ ਹੋਣ 'ਤੇ ਹੀ ਕੀਤਾ ਜਾ ਸਕੇਗਾ।

ਸੋਸ਼ਲ ਮੀਡੀਆ ਉੱਪਰ 'ਪਤੰਜਲੀ ਸਿੰਮ' ਨਾਂ ਹੇਠ ਪਿਛਲੇ ਲੰਮੇ ਸਮੇਂ ਤੋਂ ਪੋਸਟਾਂ ਆ ਰਹੀਆਂ ਹਨ ਤੇ ਬਾਬਾ ਰਾਮਦੇਵ ਦਾ ਕਾਫੀ ਮਜ਼ਾਕ ਵੀ ਉਡਾਇਆ ਜਾਂਦਾ ਰਿਹਾ ਹੈ। ਹੁਣ ਰਾਮਦੇਵ ਨੇ ਸੱਚਮੁੱਚ ਹੀ ਪਤੰਜਲੀ ਸਿੰਮ ਕਾਰਡ ਜਾਰੀ ਕਰ ਦਿੱਤਾ ਹੈ।