ਚੰਡੀਗੜ੍ਹ: ਜੇ ਜੁਹਾਡੇ ਵਟਸਐਪ ਗਰੁੱਪ ਵਿੱਚ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਇੱਕ ਵਾਰ ਸੋਚਣਾ ਬੇਹੱਦ ਜ਼ਰੂਰੀ ਹੈ। ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਵਟਸਐਪ ਦੇ ਇੱਕ ਗਰੁੱਪ ਮੈਂਬਰ ਨੂੰ ਇਸ ਦੀ ਵੱਡੀ ਕੀਮਤ ਤਾਰਨੀ ਪੈ ਰਹੀ ਹੈ। ਆਪਣੀ ਗ਼ਲਤੀ ਲਈ ਉਹ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਹ ਵੀ ਉਸ ਮੈਸੇਜ ਲਈ ਜੋ ਨਾ ਉਸ ਨੇ ਭੇਜਿਆ ਤੇ ਨਾ ਹੀ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਸੀ।

ਮੱਧ ਪ੍ਰਦੇਸ਼ ਤੇ ਰਾਜਗੜ੍ਹ ਵਿੱਚ ਵਟਸਐਪ ’ਤੇ ਬਣੇ ਗਰੁੱਪ ‘ਗਰੁੱਪ ਸੰਸਕਾਰ ਕਮੀਨੇ’ ਵਿੱਚ ਭਾਰਤ ਮਾਤਾ ਦੀ ਅਸ਼ਲੀਲ ਫੋਟੋ ਤੇ ਰਾਸ਼ਟਰੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਪੋਸਟਾਂ ਪਾਈਆਂ ਗਈਆਂ। ਗਰੁੱਪ ਐਡਮਿਨ ਇਰਫਾਨ ਤੇ ਜੁਨੈਦ ’ਤੇ 14 ਫਰਵਰੀ, 2018 ਨੂੰ ਮਾਮਲਾ ਦਰਜ ਕੀਤਾ ਗਿਆ। ਜੁਨੈਦ ’ਤੇ ਧਾਰਾ 295A,153,124A, ipc,67A ਤਹਿਤ ਇਹ ਮਾਮਲਾ ਦਰਜ ਕੀਤਾ।

ਵਟਸਐਪ ਗਰੁੱਪ ’ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਪੋਸਟ ਸਬੰਧੀ ਰਾਜਗੜ੍ਹ ਜ਼ਿਲ੍ਹੇ ਦੇ ਤਲੇਨ ਸ਼ਹਿਰ ਵਿੱਚ ਕਾਫੀ ਵਿਰੋਧ ਹੋਇਆ। ਲੋਕਾਂ ਨੇ ਪੋਸਟ ਸ਼ੇਅਰ ਕਰਨ ਵਾਲੇ ਇਰਫਾਨ ਖਿਲਾਫ ਥਾਣੇ ਜਾ ਕੇ ਸ਼ਿਕਾਇਤ ਕੀਤੀ। ਇਸ ਮਾਮਲੇ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਇਰਫਾਨ ਦੇ ਨਾਲ-ਨਾਲ ਗਰੁੱਪ ਐਡਮਿਨ ਰਾਜਾ ਗੁਰਜਰ ਨੂੰ ਵੀ ਥਾਣੇ ਬੁਲਾਇਆ। ਇਸੇ ਦੌਰਾਨ ਰਾਜਾ ਨੇ ਗਰੁੱਪ ਛੱਡ ਦਿੱਤਾ। ਰਾਜਾ ਦੇ ਗਰੁੱਪ ਛੱਡਣ ਬਾਅਦ ਦੋ ਹੋਰ ਗਰੁੱਪ ਮੈਂਬਰ ਐਡਮਿਨ ਬਣ ਗਏ, ਪਰ ਇੱਕ ਦੇ ਬਾਅਦ ਇੱਕ ਕਰਕੇ ਤਿੰਨ ਜਣੇ ਗਰੁੱਪ ਛੱਡ ਗਏ। ਅਜਿਹੇ ਵਿੱਚ ਬਚਿਆ ਜੁਨੈਦ ਨਵਾਂ ਐਡਮਿਨ ਬਣ ਗਿਆ ਜੋ ਪੁਲਿਸ ਦੇ ਹੱਥੀਂ ਚੜ੍ਹ ਗਿਆ।

ਪੂਰੇ ਮਾਮਲੇ ਵਿੱਚ ਪੁਲਿਸ ਨੇ ਜਲਦੀ ਕਾਰਵਾਈ ਨਹੀਂ ਕੀਤੀ ਤੇ ਜੁਨੈਦ ਨੂੰ ਗ੍ਰਿਫਤਾਰ ਕਰ ਲਿਆ। ਪਿਛਲੇ ਪੰਜ ਮਹੀਨਿਆਂ ਤੋਂ ਜੁਨੈਦ ਜੇਲ੍ਹ ਵਿੱਚ ਹੈ। ਉਸ ’ਤੇ ਦੇਸ਼ ਧ੍ਰੋਹ ਦਾ ਵੀ ਮਾਮਲਾ ਚੱਲ ਰਿਹਾ ਹੈ।

ਇਸ ਮਾਮਲੇ ਸਬੰਧੀ ਪੁਲਿਸ ਨੇ ਵੀ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਪਰ ਜੁਨੈਦ ’ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਣ ਕਾਰਨ ਸਥਾਨਕ ਅਦਾਲਤ ਦੇ ਇਲਾਵਾ ਹਾਈਕੋਰਟ ਨੇ ਵੀ ਉਸ ਨੂੰ ਜ਼ਮਾਨਤ ਨਹੀਂ ਦਿੱਤੀ।