ਨਵੀਂ ਦਿੱਲੀ: ਐੱਪਲ ਮੁਤਾਬਕ ਆਈਫੋਨ-X ਹੁਣ ਤੱਕ ਦਾ ਸੱਭ ਤੋਂ ਵਧੀਆ ਆਈਫ਼ੋਨ ਹੈ ਜੋ ਤਿੰਨ ਨਵੰਬਰ ਤੋਂ ਦੁਨੀਆ ਭਰ 'ਚ ਵਿਕਰੀ ਲਈ ਜਾਰੀ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਮੁਲਕਾਂ ਦੇ ਲੋਕਾਂ 'ਚ ਇਸ ਫ਼ੋਨ ਦਾ ਕ੍ਰੇਜ਼ ਹੈ। ਅਮਰੀਕਾ, ਆਸਟ੍ਰੇਲੀਆ ਅਤੇ ਚੀਨ ਸਣੇ ਕਈ ਮੁਲਕਾਂ ਦੇ ਲੋਕ ਇਸ ਨੂੰ ਖਰੀਦਣ ਲਈ ਦੀਵਾਨੇ ਹੋਏ ਫਿਰ ਰਹੇ ਹਨ। ਭਾਰਤ 'ਚ ਵੀ ਇਸ ਫੋਨ ਦੀ ਓਨੀ ਹੀ ਦੀਵਾਨਗੀ ਵੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇੱਕ ਮਜ਼ੇਦਾਰ ਨਜ਼ਾਰਾ ਮਹਾਰਾਸ਼ਟਰ ਦੇ ਠਾਣੇ 'ਚ ਨਜ਼ਰ ਆਇਆ। ਇੱਥੇ ਆਈਫ਼ੋਨ-X ਖਰੀਦਣ ਵਾਲਾ ਮੁੰਡਾ ਘੋੜੀ ਅਤੇ ਬੈਂਡ ਵਾਜੇ ਦੇ ਨਾਲ ਸਟੋਰ 'ਤੇ ਪੁੱਜਿਆ। ਹੁਣ ਤੱਕ ਤੁਸੀਂ ਆਈਫ਼ੋਨ ਲਈ ਕਿਡਨੀ ਵੇਚਣ ਵਾਲਾ ਚੁਟਕਲਾ ਤਾਂ ਸੁਣਿਆ ਹੋਵੇਗਾ ਪਰ ਪਹਿਲੀ ਵਾਰ ਹੈ ਜਦ ਕਿਸੇ ਫ਼ੋਨ ਨੂੰ ਖਰੀਦਣ ਲਈ ਕੋਈ ਘੋੜੀ 'ਤੇ ਆਇਆ ਹੋਵੇ। ਇਸ ਮੁੰਡੇ ਨੇ ਬੈਂਡ-ਵਾਜੇ ਨਾਲ ਬਰਾਤ ਵਰਗਾ ਮਾਹੌਲ ਬਣਾਇਆ ਹੋਇਆ ਸੀ। ਹੱਥ 'ਚ ਆਈ ਲਵ ਯੂ ਆਈਫੋਨ ਦੀ ਤਖ਼ਤੀ ਵੀ ਫੜੀ ਹੋਈ ਸੀ। ਸਟੋਰ ਮਾਲਕ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਇਹ ਮੁੰਡਾ ਆਈਫ਼ੋਨ ਲੈਣ ਲਈ ਸਾਡੇ ਤੋਂ ਜਾਣਕਾਰੀਆਂ ਲੈ ਰਿਹਾ ਸੀ ਅਤੇ ਅੱਜ ਅਸੀਂ ਆਪਣੇ ਸਟੋਰ ਦਾ ਪਹਿਲਾ ਆਈਫੋਨ ਉਸ ਨੂੰ ਹੀ ਦਿੱਤਾ ਹੈ।