ਨਵੀਂ ਦਿੱਲੀ: ਕੰਪਨੀ ਨੇ ਕਿਹਾ ਕਿ ਉਹ ਦੇਸ਼ ਦੀ ਡਿਜ਼ੀਟਲ ਜ਼ਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਛੇਤੀ ਹੀ 15,00 ਰੁਪਏ ਵਾਲੇ ਜੀਓਫ਼ੋਨ ਦੀ ਨਵੀਂ ਬੁਕਿੰਗ ਲਈ ਦਿਨਾਂ ਦਾ ਐਲਾਨ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਜੀਓਫ਼ੋਨ ਇੰਡੀਆ ਦਾ ਸਮਾਰਟਫ਼ੋਨ ਦੇਸ਼ ਦੀ ਡਿਜ਼ੀਟਲ ਜ਼ਰੂਰਤ ਨੂੰ ਪੂਰਾ ਕਰੇਗਾ। ਉਨ੍ਹਾਂ ਸ਼ੁਰੂਆਤ ਵਿੱਚ 60 ਲੱਖ ਭਾਰਤੀਆਂ ਦਾ ਜੀਓਫ਼ੋਨ ਨਾਲ ਜੁੜਨ ਦਾ ਸਵਾਗਤ ਕੀਤਾ ਹੈ। ਜੀਓਫ਼ੋਨ ਦੀ ਬੁਕਿੰਗ ਲਈ ਨਵੀਆਂ ਤਾਰੀਖ਼ਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ।


ਹਾਲ ਹੀ ਵਿੱਚ ਮੀਡੀਆ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੰਪਨੀ ਨੇ ਜੀਓਫ਼ੋਨ ਦਾ ਨਿਰਮਾਣ ਰੋਕ ਦਿੱਤਾ ਹੈ ਤੇ ਉਹ ਐਂਡ੍ਰੌਇਡ ਓ.ਐਸ. ਵਾਲਾ ਫ਼ੋਨ ਲਿਆਉਣ ਦੀ ਤਿਆਰੀ ਵਿੱਚ ਹੈ। ਕੰਪਨੀ ਨੇ 21 ਜੁਲਾਈ ਨੂੰ 4G ਤੇ VoLTE ਜੀਓਫ਼ੋਨ ਜਾਰੀ ਕਰਨ ਦਾ ਐਲਾਨ ਕੀਤਾ ਸੀ ਜੋ 1500 ਰੁਪਏ ਦੀ ਜਮ੍ਹਾਂ ਰਕਮ ਦੇ ਨਾਲ ਮੁਫ਼ਤ ਪਾਇਆ ਜਾ ਸਕਦਾ ਸੀ।

ਕੰਪਨੀ ਨੇ ਆਪਣਾ ਟੀਚਾ 50 ਕਰੋੜ ਤੋਂ ਵੀ ਜ਼ਿਆਦਾ ਉਹ ਗਾਹਕ ਮਿੱਥੇ ਹਨ, ਜੋ ਫ਼ੀਚਰ ਫ਼ੋਨ ਦੀ ਵਰਤੋਂ ਕਰਦੇ ਹਨ। 2.4 ਇੰਚ ਦੀ ਸਕਰੀਨ ਵਾਲੇ ਇਸ ਫ਼ੋਨ ਵਿੱਚ 2 ਮੈਗਾਪਿਕਸਲ ਦਾ ਕੈਮਰਾ ਹੈ ਤੇ 2000 mAH ਵਾਲੀ ਬੈਟਰੀ ਦਿੱਤੀ ਗਈ ਹੈ। ਜੀਓਫ਼ੋਨ ਵਿੱਚ ਇੱਕ ਨੈਨੋ ਤੇ ਇੱਕ ਮਾਈਕ੍ਰੋ ਸਿੰਮ ਕਾਰਡ ਦਿੱਤਾ ਗਿਆ ਹੈ। ਕੰਪਨੀ ਦੇ ਸੂਤਰਾਂ ਮੁਤਾਬਕ ਜੀਓ ਹਰ ਮਹੀਨੇ 100 ਕਰੋੜ ਤੋਂ ਵੀ ਜ਼ਿਆਦਾ ਦਾ ਡੇਟਾ ਆਪਣੇ ਕੋਲ ਰੱਖੇਗਾ।

ਸਾਈਬਰ ਰਿਸਰਚ (ਸੀ.ਐਮ.ਆਰ.) ਮੁਤਾਬਕ, 2017 ਦੀ ਦੂਜੀ ਤਿਮਾਹੀ ਵਿੱਚ 6.18 ਕਰੋੜ ਮੋਬਾਈਲ ਫ਼ੋਨ ਵੇਚੇ ਗਏ ਸਨ, ਜਿਸ ਵਿੱਚ 54 ਫ਼ੀ ਸਦੀ ਫ਼ੀਚਰ ਫ਼ੋਨ ਸਨ। ਪਹਿਲਾਂ ਦੇ ਮੁਕਾਬਲੇ ਇਸ ਅੰਕੜੇ ਵਿੱਚ 9 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।