ਨਵੀਂ ਦਿੱਲੀ— ਮੋਬਾਇਲ ਬਾਜ਼ਾਰ 'ਚ ਸ਼ਾਨਦਾਰ ਸਫਲਤਾ ਤੋਂ ਬਾਅਦ ਰਿਲਾਇੰਸ ਜੀਓ ਹੁਣ ਫਿਕਸਡ ਲਾਈਨ ਬ੍ਰਾਡਬੈਂਡ ਅਤੇ ਟੈਲੀਵਿਜ਼ਨ ਖੇਤਰ 'ਚ ਧਮਾਲ ਮਚਾਉਣ ਦੀ ਤਿਆਰੀ ਕਰ ਰਿਹਾ ਹੈ। ਖਬਰਾਂ ਮੁਤਾਬਕ ਸ਼ੁਰੂਆਤ 'ਚ ਬ੍ਰਾਡਬੈਂਡ ਗਾਹਕਾਂ ਨੂੰ ਜੋੜਨ ਲਈ ਮੁਫਤ ਸੇਵਾ ਵੀ ਦਿੱਤੀ ਜਾ ਸਕਦੀ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਅਗਲੇ ਸਾਲ ਦੀ ਸ਼ੁਰੂਆਤ 'ਚ 30 ਤੋਂ ਵਧ ਜ਼ਿਆਦਾ ਸ਼ਹਿਰਾਂ 'ਚ ਤੇਜ਼ ਰਫਤਾਰ ਵਾਲੀ 'ਫਾਈਬਰ ਟੂ ਹੋਮ' ਬ੍ਰਾਡਬੈਂਡ ਸੇਵਾ ਸ਼ੁਰੂ ਕਰੇਗੀ, ਜਿਸ ਜ਼ਰੀਏ ਗਾਹਕਾਂ ਨੂੰ ਟੀਵੀ ਦੇ ਨਾਲ ਹੀ ਇੰਟਰਨੈੱਟ ਸੇਵਾ ਮੁਹੱਈਆ ਕਰਾਈ ਜਾ ਸਕਦੀ ਹੈ। ਜੀਓ ਨੇ ਇਨ੍ਹਾਂ ਸ਼ਹਿਰਾਂ 'ਚ 10 ਕਰੋੜ ਤੋਂ ਵਧ ਟੀਵੀ ਪਰਿਵਾਰਾਂ ਨੂੰ ਟੀਚਾ ਬਣਾ ਕੇ ਇਹ ਖਾਕਾ ਤਿਆਰ ਕੀਤਾ ਹੈ। ਸੂਤਰਾਂ ਮੁਤਾਬਕ ਪਹਿਲੇ ਪੜਾਅ 'ਚ 5 ਕਰੋੜ ਪਰਿਵਾਰਾਂ ਨੂੰ ਇਹ ਸੇਵਾ ਦਿੱਤੀ ਜਾਵੇਗੀ।


ਜੀਓ ਪਹਿਲਾਂ ਹੀ 3 ਲੱਖ ਕਿਲੋਮੀਟਰ ਤੋਂ ਵਧ ਆਪਟਿਕ ਫਾਈਬਰ ਵਿਛਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਜੀਓ ਪ੍ਰੀਮੀਅਮ ਸੇਵਾ ਜਿਵੇਂ ਕਿ 1 ਜੀਬੀ ਪ੍ਰਤੀ ਸਕਿੰਟ ਦੀ ਸਪੀਡ ਨਾਲ ਗਾਹਕਾਂ ਨੂੰ ਲੁਭਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਜੀਓ ਪ੍ਰਤੀ ਯੂਜ਼ਰ ਔਸਤ 1,000 ਤੋਂ 1,500 ਰੁਪਏ ਕਮਾਉਣ ਦੀ ਉਮੀਦ ਕਰ ਰਿਹਾ ਹੈ। ਹਾਲਾਂਕਿ ਫਾਈਬਰ ਟੂ ਹੋਮ ਯੋਜਨਾ ਬਾਰੇ ਰਿਲਾਇੰਸ ਜੀਓ ਦੇ ਬੁਲਾਰੇ ਨੇ ਕੋਈ ਟਿਪਣੀ ਨਹੀਂ ਕੀਤੀ। ਜਾਣਕਾਰੀ ਮੁਤਾਬਕ, ਫਿਲਹਾਲ ਜੀਓ ਮੁੰਬਈ ਅਤੇ ਦਿੱਲੀ 'ਚ ਪ੍ਰੀਖਣ ਦੇ ਆਧਾਰ 'ਤੇ ਮੁਫਤ 'ਚ 100 ਜੀਬੀ ਡਾਟਾ ਦੇ ਨਾਲ ਇੰਟਰਨੈੱਟ ਸੇਵਾਵਾਂ ਦਾ ਪ੍ਰੀਖਣ ਕਰ ਰਿਹਾ ਹੈ। ਕੰਪਨੀ 4,500 ਰੁਪਏ ਦੀ ਕੀਮਤ 'ਤੇ ਵਿਸ਼ੇਸ਼ ਰਾਊਟਰ ਦੇ ਰਹੀ ਹੈ, ਜਿਸ ਨਾਲ ਕਈ ਉਪਕਰਣਾਂ ਨੂੰ ਜੋੜਿਆ ਜਾ ਸਕਦਾ ਹੈ ਅਤੇ ਰਾਊਟਰ ਵਾਪਸ ਲੈਣ ਦੀ ਵੀ ਸੁਵਿਧਾ ਹੈ।
ਬਹੁ ਸੇਵਾਵਾਂ ਸੰਚਾਲਕ (ਮਲਟੀ ਸਰਵਿਸ ਆਪਰੇਟਰ) ਦਾ ਲਾਈਸੈਂਸ ਮਿਲਣ 'ਤੇ ਕੰਪਨੀ ਟੀਵੀ ਸੇਵਾਵਾਂ ਦੀ ਵੀ ਪੇਸ਼ਕਸ਼ ਕਰੇਗੀ। ਜੀਓ ਇਕ ਤਕਨੀਕ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਤਹਿਤ ਮਜ਼ਬੂਤ ਸਿਗਨਲ ਲਈ ਘਰਾਂ ਦੀ ਮੌਜੂਦਾ ਬਿਜਲੀ ਵਾਇਰਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉੱਥੇ ਹੀ ਰਿਵਾਇਤੀ ਟੈਲੀਵਿਜ਼ਨ ਉਦਯੋਗ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ ਬਹੁਤ ਔਖਾ ਦਾਅ ਹੋਵੇਗਾ। ਦੇਸ਼ 'ਚ ਤਕਰੀਬਨ 18 ਕਰੋੜ ਪਰਿਵਾਰਾਂ 'ਚ ਟੀਵੀ ਹੈ, ਜਿਸ ਦੇ ਗਾਹਕ ਹਰ ਮਹੀਨੇ ਔਸਤ 300 ਤੋਂ 400 ਰੁਪਏ ਖਰਚ ਕਰਦੇ ਹਨ। ਇਕ ਪ੍ਰ੍ਰਮੁੱਖ ਮਲਟੀ ਸਰਵਿਸ ਆਪਰੇਟਰ ਨੇ ਕਿਹਾ ਕਿ ਡੀ. ਟੀ. ਐੱਚ. ਜਾਂ ਕੇਬਲ ਦੀ ਵਰਤੋਂ ਕਰਨ ਵਾਲੇ ਗਾਹਕ ਬ੍ਰਾਡਬੈਂਡ ਲਈ ਭੁਗਤਾਨ ਨਹੀਂ ਕਰਨਾ ਚਾਹੁਣਗੇ। ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਟੀਵੀ ਦੇਖਣ ਲਈ ਕੋਈ 1,000 ਤੋਂ 1,500 ਰੁਪਏ ਕਿਉਂ ਖਰਚੇਗਾ, ਭਾਵੇਂ ਉਸ ਨੂੰ ਨਾਲ ਬ੍ਰਾਡਬੈਂਡ ਮਿਲ ਰਿਹਾ ਹੋਵੇ। ਇਸ ਕਾਰੋਬਾਰ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਫਾਈਬਰ ਟੂ ਹੋਮ ਕਾਫੀ ਮਹਿੰਗਾ ਕਾਰੋਬਾਰ ਹੈ ਅਤੇ ਜੀਓ ਨੂੰ ਇਸ 'ਤੇ ਜ਼ਿਆਦਾ ਨਿਵੇਸ਼ ਕਰਨਾ ਹੋਵੇਗਾ। ਹਾਲਾਂਕਿ ਉਹ ਮੋਬਾਇਲ ਦੀ ਤਰ੍ਹਾਂ ਸ਼ੁਰੂ 'ਚ ਮੁਫਤ ਬ੍ਰਾਡਬੈਂਡ ਦੇ ਸਕਦਾ ਹੈ ਪਰ ਅੱਗੇ ਚੱਲ ਕੇ ਉਸ ਨੂੰ ਚਾਰਜ ਵਧਾਉਣਾ ਹੋਵੇਗਾ।