ਸਾਨ ਫਰਾਂਸਿਸਕੋ: ਸੋਸ਼ਲ ਮੀਡੀਆ ਵਿਚ ਐਂਡਰਾਇਡ ਅਤੇ ਐਪਲ ਦੇ ਬਰਗਰ ਇਮੋਜੀ ਵਿਚ ਪਨੀਰ ਦੀ ਥਾਂ ਨੂੰ ਲੈ ਕੇ ਛਿੜੀ ਬਹਿਸ ਨੂੰ ਖ਼ਤਮ ਕਰਨ ਲਈ ਗੂਗਲ ਨੇ ਆਪਣੇ ਮੁਲਾਜ਼ਮਾਂ ਨੂੰ 'ਐਂਡਰਾਇਡ ਬਰਗਰ' ਖੁਆਇਆ ਹੈ। ਇਸ ਬਹਿਸ ਵਿਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਸ਼ਾਮਿਲ ਹੋ ਗਏ ਸਨ।
ਗੂਗਲ ਨੇ ਆਪਣੇ ਸਿਆਟਲ ਦਫ਼ਤਰ ਵਿਚ ਲੰਚ ਦੌਰਾਨ 'ਐਂਡਰਾਇਡ ਬਰਗਰ' ਪਰੋਸਿਆ ਤਾਕਿ ਸਾਬਤ ਕੀਤਾ ਜਾ ਸਕੇ ਕਿ ਉਸ ਦੇ ਇਮੋਜੀ ਵਿਚ ਹੀ ਪਨੀਰ ਉਚਿਤ ਥਾਂ 'ਤੇ ਹੈ। ਇਸ ਬਰਗਰ ਵਿਚ ਪਨੀਰ ਦਾ ਟੁੱਕੜਾ ਹੇਠਾਂ ਵਾਲੇ ਪਾਸੇ ਦੇ ਉੱਪਰ ਅਤੇ ਮੀਟ ਦੇ ਟੁੱਕੜੇ ਦੇ ਹੇਠਾਂ ਰੱਖਿਆ ਗਿਆ ਸੀ ਜਿਵੇਂ ਕਿ 'ਐਂਡਰਾਇਡ ਬਰਗਰ ਇਮੋਜੀ' ਵਿਚ ਵਿਖਾਈ ਦਿੰਦਾ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਮੀਡੀਆ ਵਿਸ਼ਲੇਸ਼ਕ ਅਤੇ ਲੇਖਕ ਥਾਮਸ ਬੇਕ ਡਾਲ ਦੇ ਇਕ ਟਵੀਟ ਦੇ ਬਾਅਦ ਬਰਗਰ ਇਮੋਜੀ ਨੂੰ ਲੈਕੇ ਸੋਸ਼ਲ ਮੀਡੀਆ ਵਿਚ ਬਹਿਸ ਛਿੜ ਗਈ ਸੀ। ਉਨ੍ਹਾਂ ਟਵੀਟ ਕੀਤਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਸ ਗੱਲ 'ਤੇ ਚਰਚਾ ਹੋਣੀ ਚਾਹੀਦੀ ਹੈ ਗੂਗਲ ਦੇ ਬਰਗਰ ਇਮੋਜੀ ਵਿਚ ਪਨੀਰ ਦਾ ਟੁੱਕੜਾ ਹੇਠਾਂ ਅਤੇ ਐਪਲ ਵਿਚ ਉੱਪਰ ਕਿਉਂ ਹੁੰਦਾ ਹੈ? ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਿਚਾਈ ਨੇ ਟਵੀਟ ਕੀਤਾ ਸੀ ਕਿ ਜੇਕਰ ਟਵਿੱਟਰ 'ਤੇ ਮੌਜੂਦ ਸਾਰੇ ਲੋਕ ਇਸ ਗੱਲ 'ਤੇ ਸਹਿਮਤ ਹੁੰਦੇ ਹਨ ਕਿ ਬਰਗਰ ਵਿਚ ਪਨੀਰ ਦਾ ਸਹੀ ਥਾਂ ਕੀ ਹੋਣਾ ਚਾਹੀਦਾ ਹੈ ਤਾਂ ਉਹ ਇਸ ਮਾਮਲੇ 'ਤੇ ਜ਼ਰੂਰ ਧਿਆਨ ਦੇਣਗੇ।