ਨਵੀਂ ਦਿੱਲੀ: ਹੁਣ ਤਕ ਤੁਸੀਂ ਡ੍ਰੋਨ ਨੂੰ ਆਮ ਤੌਰ 'ਤੇ ਵਿਆਹਾਂ ਸਮਾਗਮਾਂ ਵਿੱਚ ਹੀ ਵੇਖਿਆ ਹੋਣਾ ਹੈ ਪਰ ਅਗਲੇ ਸਾਲ ਇਨ੍ਹਾਂ ਡ੍ਰੋਨਜ਼ ਨਾਲ ਖ਼ੂਨ ਜਾਂ ਕਿਸੇ ਹੋਰ ਹਲਕੇ ਤੇ ਜ਼ਰੂਰੀ ਸਮਾਨ ਦੀ ਪਹੁੰਚ ਇੱਕ ਥਾਂ ਤੋਂ ਦੂਜੀ ਥਾਂ ਹੋ ਸਕੇਗੀ। ਇਸ ਤੋਂ ਬਾਅਦ ਏਅਰ-ਰਿਕਸ਼ੇ ਦੀ ਮਨਜ਼ੂਰੀ ਵੀ ਦਿੱਤੀ ਜਾ ਸਕਦੀ ਹੈ। ਇਹ ਸਾਰਾ ਕੁਝ ਡ੍ਰੋਨ ਜਾਂ ਅਨਮੈਨਡ ਏਅਰਕ੍ਰਾਫਟ ਸਿਸਟਮ ਨਾਲ ਮੁਮਕਿਨ ਹੋਵੇਗਾ। ਇਸ ਬਾਰੇ ਨਿਯਮ ਦਾ ਮਸੌਦਾ ਬੀਤੇ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ 'ਤੇ ਸਲਾਹ-ਮਸ਼ਵਰੇ ਤੋਂ ਬਾਅਦ 31 ਦਸੰਬਰ ਤੱਕ ਇਸ ਨੂੰ ਕਨੂੰਨ ਬਨਾਉਣ ਦਾ ਟੀਚਾ ਹੈ।
ਯੋਜਨਾ ਮੁਤਾਬਕ 250 ਗ੍ਰਾਮ ਤੋਂ ਲੈ ਕੇ 150 ਕਿੱਲੋ ਜਾਂ ਉਸ ਤੋਂ ਜ਼ਿਆਦਾ ਦੇ ਡ੍ਰੋਨ ਜਾਂ ਬਿਨਾ ਪਾਇਲਟ ਵਾਲਾ ਜਹਾਜ਼ ਲਿਆਇਆ ਜਾ ਸਕਦਾ ਹੈ। ਵਜ਼ਨ ਮੁਤਾਬਕ ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ। ਨੈਨੋ, ਮਾਇਕ੍ਰੋ ਅਤੇ ਮਿਨੀ। ਇਸ ਤੋਂ ਇਲਾਵਾ ਜਿਹੜਾ ਏਅਰਕ੍ਰਾਫਟ ਹੋਵੇਗਾ ਉਸ ਨੂੰ ਮਾਡਲ ਏਅਰਕ੍ਰਾਫਟ ਨਾਂ ਦਿੱਤਾ ਗਿਆ ਹੈ।
ਨੈਨੋ 250 ਗ੍ਰਾਮ ਜਾਂ ਉਸ ਤੋਂ ਘੱਟ ਲਈ ਕਿਸੇ ਖਾਸ ਜ਼ਰੂਰਤ ਵੇਲੇ ਵਰਤਿਆ ਜਾਵੇਗਾ। ਇਹ 50 ਫੁੱਟ ਉਚਾਈ 'ਤੇ ਬਿਨਾ ਕਿਸੇ ਕੰਟਰੋਲ ਅਤੇ ਅੰਦਰੂਨੀ ਮਾਹੌਲ ਵਿੱਚ ਵੀ ਉਡਾਇਆ ਜਾ ਸਕਦਾ ਹੈ।
ਮਾਇਕ੍ਰੋ 'ਚ 250 ਗ੍ਰਾਮ ਤੋਂ ਜ਼ਿਆਦਾ ਪਰ 2 ਕਿੱਲੋ ਤੋਂ ਘੱਟ ਸਮਾਨ ਦੀ ਡਿਲੀਵਰੀ ਹੋ ਸਕੇਗੀ। ਇਸ ਨੂੰ ਉਡਾਉਣ ਲਈ ਇਕ ਵਾਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਪੁਲਿਸ ਨੂੰ ਵੀ ਉਡਾਨ ਬਾਰੇ ਦੱਸਣਾ ਹੋਵੇਗਾ। ਇਹ 200 ਫੁੱਟ ਤੱਕ ਉਡ ਸਕਦਾ ਹੈ।
ਮਿਨੀ ਡ੍ਰੋਨ 'ਚ 2 ਕਿਲੋਗ੍ਰਾਮ ਤੋਂ 150 ਕਿਲੋਗ੍ਰਾਮ ਸਾਮਾਨ ਭੇਜਿਆ ਜਾ ਸਕਦਾ ਹੈ। ਇਹ 200 ਫੁੱਟ ਤੱਕ ਉਡ ਸਕਦੇ ਹਨ। ਇਹ ਡ੍ਰਾਫਟ ਨਾਗਰਿਕ ਉਡਾਨ ਮੰਤਰੀ ਅਸ਼ੋਕ ਗਜਪਤੀ ਰਾਜੂ ਅਤੇ ਰਾਜ ਮੰਤਰੀ ਜਯੰਤ ਸਿਨਹਾ ਨੇ ਜਾਰੀ ਕੀਤਾ। ਜਯੰਤ ਸਿਨਹਾ ਨੇ ਕਿਹਾ ਕਿ ਪੂਰੀ ਪ੍ਰਕਿਰਿਆ 'ਚ ਸੁਰੱਖਿਆ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ।