ਚੰਡੀਗੜ੍ਹ: ਐਪਲ ਨੇ ਆਪਣੇ ਤਿੰਨ ਨਵੇਂ ਫ਼ੋਨ iPhone Xs, iPhone Xs Max ਤੇ iPhone XR ਲਾਂਚ ਕਰ ਦਿੱਤੇ ਹਨ ਪਰ ਭਾਰਤ ਵਿੱਚ ਫ਼ੋਨ ਖਰੀਦਣ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਅਮਰੀਕਾ ਵਿੱਚ ਐਪਲ ਦੇ ਦੋ ਫ਼ੋਨ iPhone Xs ਤੇ iPhone Xs Max ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਜਾਏਗੀ। ਭਾਰਤ ਵਿੱਚ ਇਸਦੀ ਪ੍ਰੀ-ਬੁਕਿੰਗ 21 ਸਤੰਬਰ ਤੋਂ ਸ਼ੁਰੂ ਹੋਵੇਗੀ। ਐਪਲ ਦੇ ਦੋਵੇਂ ਮਾਡਲ iPhone Xs ਤੇ iPhone Xs Max ਏਅਰਟੈਲ ਦੇ ਆਨਲਾਈਨ ਸਟੋਰ ਤੋਂ ਵੀ ਖਰੀਦੇ ਜਾ ਸਕਦੇ ਹਨ। 21 ਸਤੰਬਰ ਤੋਂ ਏਅਰਟੈਲ ਦੇ ਆਨਲਾਈਨ ਸਟੋਰ ’ਤੇ ਇਨ੍ਹਾਂ ਫ਼ੋਨਾਂ ਦੀ ਪ੍ਰੀ-ਬੁਕਿੰਗ ਕੀਤੀ ਜਾ ਸਕਦੀ ਹੈ। ਕੰਪਨੀ 28 ਸਤੰਬਰ ਤੋਂ ਆਈਫ਼ੋਨ ਦੀ ਡਿਲਵਰੀ ਕਰਨਾ ਸ਼ੁਰੂ ਕਰੇਗੀ।

ਐਪਲ iPhone Xs ਤਿੰਨ ਵਰਸ਼ਨਾਂ 64GB, 256GB ਤੇ 512GB ਵਿੱਚ ਉਪਲਬਧ ਹੈ। ਕੀਮਤ ਦੀ ਗੱਲ ਕੀਤੀ ਜਾਏ ਤਾਂ iPhone Xs ਦੇ 64GB ਵਰਸ਼ਨ ਦੀ ਕੀਮਤ 99,900 ਰੁਪਏ, 256GB ਵਰਸ਼ਨ ਦੀ 1,14,900 ਰੁਪਏ ਤੇ 512GB ਦੀ ਕੀਮਤ 1,34,900 ਰੁਪਏ ਹੈ। iPhone Xs ਤੋਂ ਵੱਡੀ ਸਕਰੀਨ ਵਾਲੇ iPhone Xs Max ਦੇ 64GB ਵਰਸ਼ਨ ਦੀ ਕੀਮਤ 1,09,900 ਰੁਪਏ, 256GB ਦੀ 1,24,900 ਤੇ 512GB ਦੀ ਕੀਮਤ 1,44,900 ਰੁਪਏ ਹੈ। ਦੋਵੇਂ ਫੋਨ ਤਿੰਨ ਰੰਗਾਂ ਦੇ ਸਪੇਸ ਗ੍ਰੇ, ਸਿਲਵਰ ਤੇ ਨਿਊ ਗੋਲਡ ਫਿਨਿਸ਼ ਵਰਸ਼ਨਾਂ ਵਿੱਚ ਉਪਲੱਬਧ ਹਨ।

ਏਅਰਟੈਲ ਨੇ ਜਾਣਕਾਰੀ ਦਿੱਤੀ ਹੈ ਕਿ ਐਪਲ ਦਾ ਤੀਜਾ ਫ਼ੋਨ iPhone XR ਵੀ ਕੰਪਨੀ ਦੇ ਆਨਲਾਈਨ ਸਟੋਰ ’ਤੇ ਉਪਲਬਧ ਹੋਏਗਾ। 19 ਅਕਤੂਬਰ ਤੋਂ iPhone XR ਦੀ ਪ੍ਰੀ-ਬੁਕਿੰਗ ਸ਼ੁਰੂ ਹੋਏਗੀ ਤੇ 26 ਅਕਤੂਬਰ ਤੋਂ ਇਸ ਦੀ ਵਿਕਰੀ ਕੀਤੀ ਜਾਏਗੀ।