ਇਸਤਨਾਬੁਲ : ਤੁਰਕੀ ਦੇ 12 ਇੰਜਨੀਅਰਾਂ ਤੇ ਚਾਰ ਟੈਕਨੀਸ਼ੀਅਨਾਂ ਦੀ ਟੀਮ ਨੇ ਸਧਾਰਨ ਕਾਰ ਨੂੰ ਰੋਬੋਟ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਆਪਣੇ ਆਪ ਵਿੱਚ ਦੁਨੀਆ ਦੀ ਪਹਿਲੀ ਟ੍ਰਾਂਸਫਾਰਮਰ ਕਾਰ ਹੈ। ਇਹ ਰੋਬੋਟ ਕਾਰ ਰਿਮੋਟ ਨਾਲ ਚੱਲਦੀ ਹੈ। ਇਸ ਨੂੰ ਬਣਾਉਣ ਵਿੱਚ 8 ਮਹੀਨੇ ਲੱਗੇ। ਇਸ ਦੇ ਦੋ ਹੱਥ ਤੇ ਸਿਰ ਵੀ ਹੈ। ਹੱਥ ਤੇ ਸਿਰ ਵਿੱਚ ਮੂਵਮੈਂਟ ਹੋ ਸਕਦਾ ਹੈ। ਹਾਲਾਂਕਿ ਰੋਬੋਟ ਬਣਨ ਤੋਂ ਬਾਅਦ ਇਹ ਮਸ਼ੀਨ ਚੱਲ ਤੇ ਉੱਡ ਨਹੀਂ ਸਕਦੀ। ਖ਼ਾਸ ਗੱਲ ਇਹ ਹੈ ਕਿ ਫਿਲਮ ਟ੍ਰਾਂਸਫਾਰਮਰ ਵਿੱਚ ਵੀ ਕੁਝ ਅਜਿਹੇ ਹੀ ਰੋਬੋਟ ਨੂੰ ਅਨੀਮੇਟ ਕੀਤਾ ਗਿਆ ਸੀ।


ਕਾਰ ਬਣਾਉਣ ਵਾਲੀ ਕੰਪਨੀ ਲੈਟਰਾਨ ਦਾ ਕਹਿਣਾ ਹੈ ਕਿ ਹਾਲੇ 5 ਰੋਬੋਟ ਬਣਾਏ ਗਏ ਹਨ। ਜਲਦੀ ਹੀ ਇਸ ਨੂੰ ਚਲਾਉਣ ਲਈ ਫੰਕਸ਼ਨ ਜੋੜਿਆ ਜਾਵੇਗਾ। ਕਾਰ 'ਤੇ ਰਿਸਰਚ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਵਿਕਰੀ ਲ਼ਈ ਇਸ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ।

ਰਿਮੋਟ ਨਾਲ ਚੱਲਣ ਲਈ ਇਸ ਵਿੱਚ ਇਲੈਕਟ੍ਰਿਕ ਇੰਜਨ ਲਾਇਆ ਗਿਆ ਹੈ। ਰੋਬੋਟ ਵਿੱਚ ਬਦਲਣ 'ਤੇ ਇਹ ਕਾਰ ਚੱਲ ਨਹੀਂ ਸਕਦੀ। ਇੰਜਨੀਅਰਾਂ ਦਾ ਕਹਿਣਾ ਹੈ ਕਿ ਇਸ ਨੂੰ ਚਲਾਉਣ ਲਈ ਫੰਕਸ਼ਨ ਜੋੜ ਕੇ ਦਿੱਤੇ ਜਾਣਗੇ। ਪਹਿਲੇ ਗੱਡੀ ਦੇ ਦਰਵਾਜ਼ੇ ਖੁੱਲ੍ਹਦੇ ਹਨ ਤੇ ਬਲੇਡ ਜਿਹੇ ਹੱਥ ਨਿਕਲ ਆਉਂਦੇ ਹਨ। ਇਸ ਦੇ ਨਾਲ ਹੀ ਗੱਡੀ ਦੀ ਛੱਤ ਤੋਂ ਰੋਬੋਟ ਦਾ ਸਿਰ ਬਾਹਰ ਆਉਂਦਾ ਹੈ। ਰੋਬੋਟ ਦਾ ਸਿਰ 120 ਡਿਗਰੀ ਘੁੰਮ ਸਕਦਾ ਹੈ। 50 ਸਕਿੰਟਾਂ ਵਿੱਚ ਗੱਡੀ ਇੱਕ ਹਿਊਮਨਾਈਡ ਰੋਬੋਟ ਵਿੱਚ ਬਦਲ ਜਾਂਦੀ ਹੈ।