ਨਵੀਂ ਦਿੱਲੀ: WhatsApp ਨੇ ਅੱਜ ਆਖਿਆ ਕਿ ਉਸ ਦੀ ਨਵੀਂ ਨੀਤੀ ਨਾਲ ਯੂਜ਼ਰ ਦੀ ਨਿੱਜਤਾ ਦਾ ਹਨਨ ਨਹੀਂ ਹੋਵੇਗਾ। WhatsApp ਅਨੁਸਾਰ ਦੋ ਵਿਅਕਤੀਆਂ ਦਾ ਮੈਸੇਜ ਕੋਈ ਤੀਜਾ ਨਹੀਂ ਪੜ੍ਹ ਸਕਦਾ। ਕੰਪਨੀ ਨੇ ਹਾਈਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਯੂਜ਼ਰ ਦਾ ਅਕਾਊਂਟ ਬੰਦ ਹੋਣ ਤੋਂ ਬਾਅਦ ਵਿਅਕਤੀ ਬਾਰੇ ਸੂਚਨਾ ਉਸ ਦੇ ਸਰਵਰ ਉੱਤੇ ਨਹੀਂ ਰਹਿ ਜਾਂਦੀ। WhatsApp ਨੇ ਇਹ ਗੱਲ ਉਸ ਪਟੀਸ਼ਨ ਦੇ ਜਵਾਬ ਵਿੱਚ ਆਖੀ ਹੈ ਜੋ ਉਸ ਦੀ ਨਵੀਂ ਨੀਤੀ ਨੂੰ ਚੁਨੌਤੀ ਦਿੰਦੇ ਹੋਏ ਦਾਇਰ ਕੀਤੀ ਗਈ ਹੈ।



ਜਸਟਿਸ ਜੀ ਰੋਹਿਣੀ ਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਨੇ WhatsApp ਤੋਂ ਸਵਾਲ ਪੁੱਛਿਆ ਕਿ ਯੂਜ਼ਰ ਦੀਆਂ ਸੂਚਨਾਵਾਂ ਅਕਾਊਂਟ ਬੰਦ ਹੋਣ ਤੋਂ ਬਾਅਦ ਵੀ ਬਣੀਆਂ ਰਹਿੰਦੀਆਂ ਹਨ ਤਾਂ ਕੰਪਨੀ ਨੇ ਆਖਿਆ ਕਿ ਜੇਕਰ ਕੋਈ ਮੈਸੇਜ ਰਿਸੀਵਰ ਨੂੰ ਮਿਲ ਜਾਂਦਾ ਹੈ ਤਾਂ ਉਹ ਉਸ ਨੂੰ ਆਪਣੇ ਸਰਵਰ ਤੋਂ ਹਟਾ ਦਿੰਦੀ ਹੈ। ਕੰਪਨੀ ਅਨੁਸਾਰ ਜੇਕਰ ਮੈਸੇਜ ਦੀ ਡਿਲਿਵਰੀ ਨਹੀਂ ਹੋ ਪਾਉਂਦਾ ਤਾਂ ਉਹ ਸਰਵਰ ਉੱਤੇ 30 ਦਿਨ ਤੱਕ ਰਹਿੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਹਟ ਜਾਂਦਾ ਹੈ।



WhatsApp ਦੀ ਨਵੀਂ ਨੀਤੀ ਦਾ ਪਟੀਸ਼ਨਰ ਨੇ ਵਿਰੋਧ ਕੀਤਾ ਸੀ। ਪਟੀਸ਼ਨਰ ਨੇ ਕੰਪਨੀ ਦੀ ਨਵੀਂ ਨੰਬਰ ਸ਼ੇਅਰਿੰਗ ਨੀਤੀ ਦਾ ਵਿਰੋਧ ਕੀਤਾ ਸੀ ਤੇ ਆਖਿਆ ਕਿ ਕੰਪਨੀ ਹਲਫ਼ਨਾਮੇ ਦੇ ਅਨੁਸਾਰ ਸੂਚਨਾਵਾਂ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਿਆ ਜਾਂਦਾ ਹੈ। ਪਟੀਸ਼ਨਰ ਅਤੇ WhatsApp ਕੰਪਨੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਉੱਤੇ 23 ਸਤੰਬਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।



ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਕੰਪਨੀ ਨੇ ਆਪਣੇ ਹਲਫ਼ਨਾਮੇ ਵਿੱਚ ਆਖਿਆ ਹੈ ਕਿ ਉਹ ਮੈਸੇਜ ਨਹੀਂ ਰੱਖਦੇ ਪਰ ਆਪਣੀ ਸੁਵਿਧਾ ਨੂੰ ਬਿਹਤਰ ਬਣਾਉਣ ਲਈ ਕੰਪਨੀ ਲੰਮੇ ਸਮੇਂ ਤੱਕ ਮੈਸੇਜ ਨੂੰ ਸੇਵ ਕਰ ਕੇ ਰੱਖਦੀ ਹੈ। ਦੂਜੇ ਪਾਸੇ WhatsApp ਨੇ 14 ਸਤੰਬਰ ਨੂੰ ਉਸ ਅਪੀਲ ਦਾ ਵਿਰੋਧ ਕੀਤਾ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਦੇ ਯੂਜ਼ਰ ਦੀ ਨਿੱਜਤਾ ਨੂੰ ਫੇਸਬੁੱਕ ਸ਼ੇਅਰਿੰਗ ਨੀਤੀ ਤੋਂ ਪ੍ਰਾਇਵੇਸੀ ਨੂੰ ਖ਼ਤਰਾ ਹੈ।



 WhatsApp ਨੇ 25 ਅਗਸਤ ਨੂੰ ਆਪਣੀ ਨੀਤੀ ਵਿੱਚ ਵੱਡੇ ਪੱਧਰ ਉੱਤੇ ਬਦਲਾਅ ਕੀਤਾ ਸੀ। WhatsApp ਨੂੰ ਖ਼ਰੀਦਣ ਤੋਂ ਬਾਅਦ ਫੇਸਬੁੱਕ ਦਾ ਇਹ ਪਹਿਲਾ ਵੱਡਾ ਬਦਲਾਅ ਸੀ। ਇਸ ਵਿੱਚ ਯੂਜ਼ਰ ਨੂੰ ਵਿਕਲਪ ਦਿੱਤਾ ਗਿਆ ਸੀ ਕਿ ਉਹ ਆਪਣੇ ਅਕਾਊਟ ਦੀ ਜਾਣਕਾਰੀ ਫੇਸਬੁੱਕ ਉੱਤੇ ਸਾਂਝਾ ਕਰ ਸਕਦੇ ਹਨ।