ਨਿਊਯਾਰਕ: ਫੇਸਬੁੱਕ ਚਲਾਉਣ ਵਾਲੇ ਲੋਕਾਂ ਦੇ ਟਾਈਮ ਨੂੰ ਵੱਧ ਰੌਚਕ ਬਣਾਉਣ ਲਈ ਫੇਸਬੁਕ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਸ ਤਹਿਤ ਫੇਸਬੁੱਕ ਰਾਹੀਂ ਵਪਾਰ ਕਰਨ ਵਾਲੇ ਲੋਕਾਂ ਨੂੰ ਥੋੜ੍ਹਾ ਘਾਟਾ ਵੀ ਪੈਣ ਦੀ ਉਮੀਦ ਹੈ।


ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇੱਕ ਪੋਸਟ ਵਿੱਚ ਕਿਹਾ ਕੀ ਇਹ ਬਦਲਾਅ ਲੋਕਾਂ ਨੂੰ ਕਰੀਬੀ ਲੋਕਾਂ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਤਣਾਅ ਅਤੇ ਇਕੱਲੇਪਣ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਲਿਖਿਆ- ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜਦ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰੀਬੀ ਲੋਕਾਂ ਨਾਲ ਜੁੜਨ ਲਈ ਕਰਦੇ ਹਾਂ ਤਾਂ ਇਹ ਸਾਡੇ ਲਈ ਚੰਗਾ ਹੁੰਦਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫੇਸਬੁੱਕ ਚਲਾਉਣ ਵਾਲਿਆਂ ਨੂੰ ਘੱਟ ਤੋਂ ਘੱਟ ਇਕੱਲਾਪਨ ਮਹਿਸੂਸ ਹੋਵੇਗਾ ਤਾਂ ਜੋ ਉਨ੍ਹਾਂ ਦੀ ਸਿਹਤ ਵੀ ਚੰਗੀ ਬਣੀ ਰਹੇ।

ਕੰਪਨੀ ਨੇ ਕਿਹਾ ਕਿ ਇਸ ਬਦਲਾਅ ਨਾਲ ਬ੍ਰੈਂਡਜ਼, ਪੇਜਾਂ ਅਤੇ ਮੀਡੀਆ ਕੰਪਨੀਆਂ ਦੇ ਘੱਟ ਪੋਸਟ ਨਿਊਜ਼ ਫੀਡ ਵਿੱਚ ਨਜ਼ਰ ਆਉਣਗੇ ਅਤੇ ਲੋਕਾਂ ਦੇ ਪੋਸਟ ਵੱਧ ਵਿਖਾਈ ਦੇਣਗੇ। ਨਿਊਜ਼ ਫੀਡ ਵਿੱਚ ਵੀਡੀਓ ਵੀ ਘੱਟ ਦਿਸਣਗੇ। ਇਸ ਨਾਲ ਲੋਕ ਫੇਸਬੁੱਕ 'ਤੇ ਘੱਟ ਸਮਾਂ ਬਤੀਤ ਕਰਨਗੇ।

ਕੋਰੀਆ ਪ੍ਰੈੱਸ ਫਾਉਂਡੇਸ਼ਨ ਵਿੱਚ ਸੀਨੀਅਰ ਰਿਸਰਚਰ ਓਹ ਸੇ ਉਕ ਨੇ ਕਿਹਾ ਕਿ ਫੇਸਬੁੱਕ ਪਹਿਲਾਂ ਵੀ ਇਸ 'ਤੇ ਧਿਆਨ ਦੇ ਰਿਹਾ ਸੀ। ਫੇਸਬੁੱਕ ਦਾ ਮਕਸਦ ਲੋਕਾਂ ਵਿਚਾਲੇ ਚਰਚਾ ਦੀ ਇੱਕ ਸੱਥ ਉਪਲਬਧ ਕਰਵਾਉਣਾ ਹੈ।